ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 210


ਬਿਰਹ ਬਿਓਗ ਸੋਗ ਸੇਤ ਰੂਪ ਹੁਇ ਕ੍ਰਿਤਾਸ ਟੂਕ ਟੂਕ ਭਏ ਪਾਤੀ ਲਿਖੀਐ ਬਿਦੇਸ ਤੇ ।

ਬਿਰਹੇ ਤੋਂ ਵਿਜੋਗ ਵਿਛੋੜੇ ਦੇ ਰੋਗ ਨਾਲ ਸੇਤ ਚਿਟਾ ਫੱਕ ਰੰਗ ਹੋ ਜਾਂਦਾ ਹੈ ਕ੍ਰਿਤਾਸ ਕਾਗਜ ਵਰਗਾ ਟੁਕੜੇ ਟੁਕੜੇ ਹੋਏ ਜਿਸ ਉਪਰ ਪਰਦੇਸੋਂ ਪਤ੍ਰਿਕਾ ਲਿਖੀਦੀ ਹੈ।

ਬਿਰਹ ਅਗਨਿ ਸੇ ਸਵਾਨੀ ਮਾਸੁ ਕ੍ਰਿਸਨ ਹੁਇ ਬਿਰਹਨੀ ਭੇਖ ਲੇਖ ਬਿਖਮ ਸੰਦੇਸ ਤੇ ।

ਬਿਰਹੇ ਤੋਂ ਉਤਪੰਨ ਹੋਣ ਵਾਲੀ ਸੰਤਾਪ ਰੂਪ ਅਗਨੀ ਕਰ ਕੇ ਸਵਾਨੀ+ਮਾਸ ਮਾਸਵਾਨੀ ਸ੍ਯਾਹੀ ਵਰਗਾ ਕ੍ਰਿਸਨ ਕਾਲਾ ਧੂਸਰ ਰੂਪ ਬਣ ਜਾਂਦਾ ਹੈ ਜਿਸ ਸ੍ਯਾਹੀ ਨਾਲ ਬਿਰਹੇ ਦੀ ਗ੍ਰਸੀ ਹੋਈ ਬਿਰਹਨੀ ਇਸਤ੍ਰੀ ਅਪਣੇ ਭੇਖ ਵੇਸ ਦਸ਼ਾ ਤੇ ਅਤੇ ਬਿਖਮ ਸੰਦੇਸ ਦੁਖ ਭਰੇ ਸੁਨੇਹੇ ਲਿਖਿਆ ਕਰਦੀ ਹੈ।

ਬਿਰਹ ਬਿਓਗ ਰੋਗ ਲੇਖਨਿ ਕੀ ਛਾਤੀ ਫਾਟੀ ਰੁਦਨ ਕਰਤ ਲਿਖੈ ਆਤਮ ਅਵੇਸ ਤੇ ।

ਬਿਰਹੇ ਤੋਂ ਉਪਜੇ ਹੋਏ ਵਿਛੋੜੇ ਰੂਪ ਕਾਰਣ ਐਉਂ ਛਾਤੀ ਫਟ ਫਟ ਪੈਂਦੀ ਹੈ ਜੀਕੂੰ ਕਿ ਲਿੱਖਨ ਦਾ ਮੂੰਹ ਫਟਿਆ ਹੁੰਦਾ ਹੈ, ਤੇ ਓਕੂੰ ਹੀ ਆਤਮ ਅਵੇਸ ਤੇ ਦਿਲ ਦਿਆਂ ਉਬਾਲਾਂ ਨਾਲ, ਅਰਥਾਤ ਮਨ ਦੀ ਹਵਾੜ ਕਢਦਿਆਂ ਹੋਇਆਂ ਰੋ ਰੋ ਕੇ ਆਪਣੀ ਪੀੜਿਤ ਦਸ਼ਾ ਨੂੰ ਲਿਖੈ ਪ੍ਰਗਟ ਕਰਿਆ ਕਰਦੀ ਹੈ।

ਬਿਰਹ ਉਸਾਸਨ ਪ੍ਰਗਾਸਨ ਦੁਖਿਤ ਗਤਿ ਬਿਰਹਨੀ ਕੈਸੇ ਜੀਐ ਬਿਰਹ ਪ੍ਰਵੇਸ ਤੇ ।੨੧੦।

ਸੋ ਇਸ ਪ੍ਰਕਾਰ ਬਿਰਹ ਤੋਂ ਹੋ ਰਹੀ ਦੁਖੀ ਦਸ਼ਾ ਨੂੰ ਹੌਕਿਆਂ ਰਾਹੀਂ ਹਰ ਵੇਲੇ ਪ੍ਰਗਾਸ ਪ੍ਰਗਟ ਕਰਣ ਹਾਰੀ ਬਿਛੋੜੇ ਮਾਰੀ ਬਿਰਹਨੀ ਬਿਰਹੇ ਦੀ ਚੋਭ ਨਾਲ ਪੀੜਿਤ ਸੁਰਤ ਵਾਲਾ ਆਦਮੀ ਵਿਛੋੜੇ ਦੇ ਪਰਵੇਸ ਅੰਦਰ ਧਸੇ ਹੋਣ ਕਾਰਣ ਇਸ ਪ੍ਰਕਾਰ ਜੀਵੇ ਜੀਊਂ ਸਕਦਾ ਹੈ? ਭਾਵ ਨਹੀਂ ਜੀਊਂ ਸਕਦਾ ॥੨੧੦॥