ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 515


ਜੈਸੇ ਟੂਟੇ ਨਾਗਬੇਲ ਸੈ ਬਿਦੇਸ ਜਾਤਿ ਸਲਲਿ ਸੰਜੋਗ ਚਿਰੰਕਾਲ ਜੁਗਵਤ ਹੈ ।

ਜਿਸ ਤਰ੍ਹਾਂ ਪਾਨ ਦੇ ਬੇਲ ਵੱਲ ਨਾਲੋਂ ਟੁੱਟੇ ਪੱਤੇ ਬਿਦੇਸ ਦਿਸੌਰੀਂ ਜਾ ਕੇ ਭੀ ਪਾਣੀ, ਦੇ ਸਰਬੰਧ ਕਰ ਕੇ ਪਾਣੀ ਬਾਰ ਬਾਰ ਵਿਛੜਕੀਂਦੇ ਰਹਿਣ ਕਰ ਕੇ ਬਹੁਤ ਕਾਲ ਤਕ 'ਜੁਗਵਤ ਹੈ' ਸੰਭਾਲੇ ਰਹਿ ਸਕਦੇ ਹਨ।

ਜੈਸੇ ਕੂੰਜ ਬਚਰਾ ਤਿਆਗ ਦਿਸੰਤਰਿ ਜਾਤਿ ਸਿਮਰਨ ਚਿਤਿ ਨਿਰਬਿਘਨ ਰਹਤ ਹੈ ।

ਜਿਸ ਤਰ੍ਹਾਂ ਬੱਚਿਆਂ ਨੂੰ ਤਿਆਗ ਕੇ ਦੂਰ ਦੇਸ਼ਾਂ ਨੂੰ ਚਲੀ ਜਾਇਆ ਕਰਦੀ ਹੈ ਪਰ ਉਹ ਚਿਤ ਅੰਦਰ ਚਿਤਾਰਦੇ ਰਹਿਣ ਨਾਲ ਨਿਰਵਿਘਨ ਰਿਹਾ ਕਰਦੇ (ਭਾਵ ਪਲਦੇ ਰਹਿੰਦੇ ਤੇ ਮਰਦੇ ਨਹੀਂ) ਹਨ।

ਗੰਗੋਦਿਕ ਜੈਸੇ ਭਰਿ ਭਾਂਜਨ ਲੈ ਜਾਤਿ ਜਾਤ੍ਰੀ ਸੁਜਸੁ ਅਧਾਰ ਨਿਰਮਲ ਨਿਬਹਤ ਹੈ ।

ਜਿਸ ਤਰ੍ਹਾਂ ਜਾਤ੍ਰੀ ਲੋਕ ਬਰਤਨ ਭਰ ਭਰ ਕੇ ਗੰਗੋਦਿਕ ਗੰਗਾ ਜਲ ਲੈ ਜਾਇਆ ਕਰਦੇ ਹਨ ਅਤੇ ਉਹ ਇਸ ਸੁਕੀਰਤੀ ਦੇ ਆਸਰੇ ਕਿ ਗੰਗਾ ਜਲ ਵਿਚ ਜਾਲਾ ਕਦੀ ਨਹੀਂ ਪੈਂਦਾ ਜ੍ਯੋਂ ਕਾ ਤ੍ਯੋਂ ਨਿਰਮਲ ਸ੍ਵੱਛ ਹੀ ਨਿਭ ਜਾਇਆ ਕਰਦਾ ਹੈ।

ਤੈਸੇ ਗੁਰ ਚਰਨ ਸਰਨਿ ਅੰਤਰਿ ਸਿਖ ਸਬਦੁ ਸੰਗਤਿ ਗੁਰ ਧਿਆਨ ਕੈ ਜੀਅਤ ਹੈ ।੫੧੫।

ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਵਿਚ ਸਿੱਖ ਨੂੰ ਅੰਤਰਿ ਅੰਤਰਾ ਵਿੱਥ ਪੈ ਗਿਆਂ ਭਾਵ ਸਤਿਗੁਰਾਂ ਤੋਂ ਕਿਸੇ ਕਾਰਣ ਦੂਰ ਚਲੇ ਜਾਣ ਕਾਰਣ, ਉਹ ਸ਼ਬਦ ਦੀ ਸੰਗਤ ਵਿਚ ਰਹਿੰਦਾ ਹੋਯਾ ਸ਼ਬਦ ਅਭਿਆਸ ਵਿਚ ਜੁੱਟਾ ਹੀ ਗੁਰੂ ਧ੍ਯਾਨ ਕਰਦਾ ਜੀਊਂਣਾ ਬਿਤਾਯਾ ਕਰਦਾ ਹੈ ॥੫੧੫॥