ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 157


ਚਤੁਰ ਪਹਰ ਦਿਨ ਜਗਤਿ ਚਤੁਰ ਜੁਗ ਨਿਸਿ ਮਹਾ ਪਰਲੈ ਸਮਾਨਿ ਦਿਨ ਪ੍ਰਤਿ ਹੈ ।

ਦਿਨ ਦੇ ਚਾਰ ਪਹਿਰਾਂ ਸਮਾਨ ਜਗਤ ਦੇ ਦੋ ਚਾਰ ਜੁਗ ਹਨ, ਅਰੁ ਨਿੱਤ, ਨਿਮਿੱਤ, ਗਿਆਨ ਤਥਾ ਮਹਾਂ ਪਰਲੋ ਰੂਪ ਇਹ ਰਾਤ੍ਰੀ ਦੇ ਮਹਾਂ ਪਰਲੋ ਰੂਪ ਚਾਰੋਂ ਪਹਿਰੇ ਜੋ ਹਨ ਇਹ ਦਿਨ ਪ੍ਰਤਿ ਰੋਜ਼ ਬਰੋਜ਼ ਰਾਤ ਦਿਨ ਚੌਪੜ ਦੇ ਪੜਤਲਿਆਂ ਵਾਕੂੰ ਪਸਰੇ ਰਹਿੰਦੇ ਹਨ।

ਉਤਮ ਮਧਿਮ ਨੀਚ ਤ੍ਰਿਗੁਣ ਸੰਸਾਰ ਗਤਿ ਲੋਗ ਬੇਦ ਗਿਆਨ ਉਨਮਾਨ ਆਸਕਤਿ ਹੈ ।

ਜੀਕੂੰ ਬਾਦਸ਼ਾਹ, ਗੁਲਾਮ ਵਜ਼ੀਰ ਤੇ ਪਿਆਦਿਆਂ ਰੂਪ ਗੋਟਾਂ ਦੀ ਖੇਡ ਚੌਪੜ ਬਾਜੀ ਵਿਚ ਖਿਡੀਂਦੀ ਹੈ, ਤੀਕੂੰ ਹੀ ਤਿੰਨ ਗੁਣ ਸਰੂਪੀ ਸੰਸਾਰ ਦੇ ਉਤਮ ਸਤੋਗੁਣੀ ਮਧਮ ਰਜੋਗੁਣੀ ਅਰੁ ਨੀਚ ਤਮੋਗੁਣੀ ਜੀਵ ਰੂਪ ਗੋਟਾਂ ਦੀ ਗਤਿ ਪ੍ਰਵਿਰਤੀ ਇਸ ਖੇਡ ਵਿਚ ਵਰਤ ਰਹੀ ਹੈ। ਅਤੇ ਜਿਸ ਪ੍ਰਕਾਰ ਚੌਪੜ ਦੇ ਸੰਕੇਤੀ ਨਿਯਮਾਂ ਮੂਜਬ ਵਾ ਖਿਲਾੜੀਆਂ ਦੇ ਆਮ ਵਰਤਾਰੇ ਤਥਾ ਉਕਤ ਬਾਜੀ ਅਨੁਸਾਰ ਸੁੱਟਿਆਂ ਨਰਦਾਂ ਪਾਸ੍ਯਾਂ ਮੂਜਬ ਓਨਾਂ ਗੋਟਾਂ ਵਿਚ ਊਚ ਨੀਚ ਗਤੀ ਵਾਪਰਿਆ ਕਰਦੀ ਹੈ, ਇਸੇ ਪ੍ਰਕਾਰ ਹੀ ਲੌਕਿਕ ਗਿਆਨ ਸੰਸਾਰ ਚਾਲੀ ਰੀਤਾਂ ਰਸਮਾਂ ਬੇਦਿਕ ਗਿਆਨ ਕਰਮ ਉਪਾਸਨਾ ਗਿਆਨ ਭਾਵੀ ਬੇਦ ਉਕਤ ਚਾਲ ਤਥਾ ਉਨਮਾਨ ਕਾਲਪਨਿਕ ਗਿਆਨ ਦਲੀਲ ਬਾਜ਼ੀ ਵਾ ਉਕਤ ਜੁਗਤ ਚਾਲੀ ਗਿਆਨ ਅਨੁਸਾਰ ਰੁਚੀ ਧਾਰਦਿਆਂ ਹੋਯਾਂ ਇਨਾਂ ਜੀਵਾਂ ਦੀ ਲੋਕ ਪ੍ਰਲੋਕ ਭਾਵੀ ਗਤੀ ਦਾ ਵਰਤਾਰਾ ਵਰਤਦਾ ਰਹਿੰਦਾ ਹੈ।

ਰਜਿ ਤਮਿ ਸਤਿ ਗੁਨ ਅਉਗਨ ਸਿਮ੍ਰਤ ਚਿਤ ਤ੍ਰਿਗੁਨ ਅਤੀਤ ਬਿਰਲੋਈ ਗੁਰਮਤਿ ਹੈ ।

ਤਾਤਪਰਜ ਕੀਹ ਕਿ ਰਜੋਗੁਣੀ ਪ੍ਰਵਿਰਤੀ ਤਮੋਗੁਣੀ ਤਥਾ ਸਤੋਗੁਣੀ ਪ੍ਰਵਿਰਤੀ ਰੂਪ ਅਉਗੁਨ ਉਲਟੇ ਗੁਣਾਂ ਭਰੀ ਖੇਡ ਸਿ ਸਹਿਤ ਨਾਲ ਮਰਤ ਚਿੱਤ ਚਿੱਤ ਹਾਰ ਜਿੱਤ ਵਿਚ ਹੀ ਮਰਦਾ ਰਹਿੰਦਾ ਹੈ ਭਾਵ ਬਾਰੰਬਾਰ ਜਨਮ ਮਰਣ ਰੂਪ ਦਸ਼ਾ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ। ਪ੍ਰੰਤੂ ਜੁੱਟ ਵਿੱਚ ਆ ਕੇ ਨਰਦ ਦੀ ਮਾਰ ਤੋਂ ਬਚੀ ਹੋਈ ਕਿਸੇ ਵਿਰਲੀ ਗੋਟ ਵਾਂਕੂੰ ਗੁਰਮਤਿ ਅਨੁਸਾਰ ਵਰਤਨ ਵਾਲਾ ਕੋਈ ਵਿਰਲਾ ਪੁਰਖ ਗੁਰਮੁਖ ਹੀ ਹੁੰਦਾ ਹੈ।

ਚਤੁਰ ਬਰਨ ਸਾਰ ਚਉਪਰ ਕੋ ਖੇਲ ਜਗ ਸਾਧਸੰਗਿ ਜੁਗਲ ਹੋਇ ਜੀਵਨ ਮੁਕਤਿ ਹੈ ।੧੫੭।

ਸਾਰ ਦੀ ਬਾਤ ਇਹ ਕਿ ਜੇ ਕਰ ਚਾਰੋਂ ਬਰਨਾਂ ਦੀ ਚੌਸਾਰ ਰੂਪ ਚਉਪੜ ਦੀ ਜੁਗਤ ਸੰਬਧੀ ਖੇਲ ਵਿਚੋਂ ਸਾਧ ਸੰਗਤ ਨਾਲ ਰਲ ਕੇ ਜੁਗਲ ਜੋਟਾ ਹੁਇ ਬਣੇ ਜਿਹੜਾ ਕੋਈ, ਓਹੋ ਹੀ ਜੀਉਂਦੇ ਜੀ ਮੁਕਤ ਹੋ ਸਕਿਆ ਕਰਦਾ ਹੈ। ਭਾਵ ਕਾਲ ਵਾ ਕਾਲੀ ਰੂਪ ਖਿਲਾੜੀਆਂ ਦੀ ਹਾਰ ਜਿੱਤ ਰੂਪ ਮਾਰ ਤੋਂ ਇੱਕ ਐਸਾ ਗੁਰਮੁਖ ਹੀ ਬਚਿਆ ਰਹਿ ਸਕਦਾ ਹੈ ॥੧੫੭॥


Flag Counter