ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 518


ਜੈਸੇ ਮੇਘ ਬਰਖਤ ਹਰਖਤਿ ਹੈ ਕ੍ਰਿਸਾਨਿ ਬਿਲਖ ਬਦਨ ਲੋਧਾ ਲੋਨ ਗਰਿ ਜਾਤ ਹੈ ।

ਜਿਸ ਤਰ੍ਹਾਂ ਬੱਦਲ ਮੀਂਹ ਵੱਸਦਿਆਂ ਜੱਟ ਤਾਂ ਪ੍ਰਸੰਨ ਹੁੰਦਾ ਹੈ ਪਰ ਲੋਧੇ ਜੁਲਾਹੇ ਦਾ ਚਿਹਰਾ ਬ੍ਯਾਕੁਲ ਹੋਯਾ ਮੁਰਝਾ ਕੇ ਮਾਨੋ ਲੂਣ ਵਾਕੂੰ ਗਲ ਪਿਆ ਕਰਦਾ, ਮਾਤ ਪੈ ਜਾਂਦਾ ਹੈ।

ਜੈਸੇ ਪਰਫੁਲਤ ਹੁਇ ਸਕਲ ਬਨਾਸਪਤੀ ਸੁਕਤ ਜਵਾਸੋ ਆਕ ਮੂਲ ਮੁਰਝਾਤ ਹੈ ।

ਜੀਕੂੰ ਮੀਂਹ ਕਾਰਣ ਸਭ ਦੀ ਸਭ ਹੀ ਬਨਾਸਪਤੀ ਤਾਂ ਪ੍ਰਫੁੱਲਿਤ ਹਰੀ ਭਰੀ ਹੋਇਆ ਕਰਦੀ ਪਰ ਜ੍ਵਾਹਾਂ ਬੂਟੀ ਸੁੱਕ ਜਾਂਦੀ ਹੈ, ਅਤੇ ਅੱਕ ਦਾ ਬੂਟਾ ਮੁੱਢੋਂ ਹੀ ਮੁਰਝਾ ਜਾਇਆ ਕਰਦਾ ਹੈ।

ਜੈਸੇ ਖੇਤ ਸਰਵਰ ਪੂਰਨ ਕਿਰਖ ਜਲ ਊਚ ਥਲ ਕਾਲਰ ਨ ਜਲ ਠਹਿਰਾਤ ਹੈ ।

ਜਿਸ ਤਰ੍ਹਾਂ ਮੀਂਹ ਨਾਲ ਖੇਤਾਂ ਸ੍ਰੋਵਰਾਂ ਤੇ ਕਿਰਖ ਖੇਤੀਆਂ ਵਿਖੇ ਤਾਂ ਜਲ ਭਰ ਜਾਂਦਾ ਹੈ, ਪਰ ਉੱਚੇ ਥਲ ਟਿੱਬਿਆਂ ਉਪਰ ਵਾ ਕੱਲਰ ਵਿਚ ਪਾਣੀ ਨਹੀਂ ਠਹਿਰਿਆ ਕਰਦਾ ਹੈ।

ਗੁਰ ਉਪਦੇਸ ਪਰਵੇਸ ਗੁਰਸਿਖ ਰਿਦੈ ਸਾਕਤ ਸਕਤਿ ਮਤਿ ਸੁਨਿ ਸਕੁਚਾਤ ਹੈ ।੫੧੮।

ਤਿਸੀ ਪ੍ਰਕਾਰ ਗੁਰਸਿੱਖਾਂ ਦੇ ਹਿਰਦੇ ਅੰਦਰ ਤਾਂ ਗੁਰ ਉਪਦੇਸ਼ ਸਮਾਈ ਪਾ ਸਿੰਜਰ ਜਾਂਦਾ ਹੈ, ਪਰ ਸਾਕਤਾਂ ਮਨਮੁਖਾਂ ਦੇ ਮਨ ਵਿਚ ਸਕਤਿ ਮਾਯਾ ਵੱਸੀ ਹੁੰਦੀ ਹੈ, ਜਿਸ ਕਰ ਕੇ ਉਹ ਉਪਦੇਸ਼ ਸੁਨਣ ਤੋਂ ਹੀ ਸੁੰਗੜੇ ਰਹਿੰਦੇ ਹਨ ॥੫੧੮॥


Flag Counter