ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 60


ਲੋਗਨ ਮੈ ਲੋਗਾਚਾਰ ਬੇਦਨ ਮੈ ਬੇਦ ਬਿਚਾਰ ਲੋਗ ਬੇਦ ਬੀਸ ਇਕੀਸ ਗੁਰ ਗਿਆਨ ਹੈ ।

ਲੋਗਨ ਮੈਂ ਲੋਗਾਚਾਰ ਪ੍ਰਤੱਖ ਤਾਂ ਉਹ ਜਦ ਲੋਕਾਂ ਪਰਵਾਰ ਸਰਬੰਧੀਆਂ ਅਥਵਾ ਵਾਹ ਪਏ ਕਾਰਾਂ ਵਿਹਾਰਾਂ ਵਾਲਿਆਂ ਵਿਚ ਵਰਤਦਾ ਹੈ ਤਾਂ ਲੋਕ ਪ੍ਰਯਾਦਾ ਅਨੁਸਾਰ ਜਿਹਾ ਜਿਹਾ ਸਮਾਂ ਜੈਸੀ ਜੈਸੀ ਲੋੜ ਵਾਪਰੇ ਓਹੋ ਓਹੋ ਜੇਹਾ ਓਸੀ ਓਸੀ ਤਰ੍ਹਾਂ ਦਾ ਹੀ ਵਿਹਾਰ ਨਿਬਾਹਿਆ ਕਰਦਾ ਹੈ। ਅਰੁ ਜਦ ਬੇਦਾਂ ਵਿਚ ਨਿਰੂਪੀ ਹੋਈ ਬੇਦ ਬੀਚਾਰ ਧਰਮ ਮ੍ਰਯਾਦਾ ਕੋਈ ਧਾਰਮਿਕ ਬਿਵਹਾਰ ਭੁਗਤਾਨ ਦਾ ਅਉਸਰ, ਆਣ ਵਾਪਰਦਾ ਹੈ ਤਾਂ ਓਹੋ ਜੇਹੇ ਧਰਮੀਆਂ ਲੋਕਾਂ ਨਾਲ ਓਸ ਅਨੁਸਾਰ ਹੀ ਵਰਤਣ ਲੱਗ ਪਿਆ ਕਰਦਾ ਹੈ। ਪਰੰਤੂ ਏਸ ਲੋਕ ਬੇਦ ਮ੍ਰਯਾਦਾ ਕੁਲਾ ਧਰਮ ਅਰੁ ਬੇਦਿਕ ਧਰਮ ਮਈ ਪ੍ਰਵਿਰਤੀ ਨੂੰ ਮੂਲੋਂ ਹੀ ਕਾਲ ਦੇ ਅਧੀਨ ਵਰਤਨ ਵਾਲੀ ਵੀਹਾਂ ਵਿਸਵਿਆਂ ਦੀ ਹੱਦ ਵਿਚ ਵਰਤਨਹਾਰੀ ਸੰਸਾਰੀ ਜਾਣ ਕੇ ਅੰਦਰੋਂ ਓਹ ਇਕ ਈਸ ਇਕੀਸਵੇਂ ਸੰਸਾਰੋਂ ਪਾਰ ਗੁਰ ਗ੍ਯਾਨ ਵਿਖੇ ਦ੍ਰਿੜ ਰਿਹਾ ਕਰਦਾ ਹੈ। ਭਾਵ ਤੁੱਛ ਜਾਣ ਕੇ ਗੁਰੂ ਕਰਤਾਰ ਦੇ ਇਕ ਮਈ ਨਿਸਚੇ ਵਿਚ ਵਰਤਿਆ ਕਰਦਾ ਹੈ।

ਜੋਗ ਮੈ ਨ ਜੋਗ ਭੋਗ ਮੈ ਨ ਖਾਨ ਪਾਨ ਜੋਗ ਭੋਗਾਤੀਤ ਉਨਮਨ ਉਨਮਾਨ ਹੈ ।

ਇਸੇ ਕਰ ਕੇ ਹੀ ਵਾਹਿਗੁਰੂ ਵਿਚ ਜੁੜੇ ਰਹਿਣ ਰੂਪ ਜੋਗ ਨੂੰ ਸਾਧਦੇ ਹੋਏ ਜੋਗ ਮੈਂ ਵਰਤਦੇ ਹੋਏ ਭੀ ਅਜੇਹੇ ਗੁਰਮੁਖ ਲੋਕ ਬੇਦ ਪ੍ਰਸਿੱਧ ਰੀਤੀ ਵਾਲੇ ਜੋਗ ਨੂੰ ਨਹੀਂ ਸਾਧਦੇ ਅਰੁ ਐਸਾ ਹੀ ਖਾਨ ਪਾਨ ਆਦਿ ਕਰਦੇ ਹੋਏ ਖਾਂਦੇ ਪੀਂਦੇ ਪਹਿਨਦੇ ਸੁਖ ਮਾਣਦੇ ਭੀ ਭੋਗ ਮੈਂ ਨ ਮਾਨੋ ਭੋਗਾਂ ਨੂੰ ਭੀ ਗ੍ਰਹਣ ਨਹੀਂ ਕਰਯਾ ਕਰਦੇ, ਅਰਥਾਤ ਓਨਾਂ ਦਾ ਵਾਸਤ੍ਵੀ ਵਰਤਾਰਾ ਜੋਗ ਅਰੁ ਭੋਗ ਤੋਂ ਹੀ ਅਤੀਤ ਕੇਵਲ ਉਨਮਨੀ ਭਾਵ ਵਿਖੇ ਹੀ ਵਰਤਣਹਾਰਾ ਉਨਮਾਨ ਵੀਚਾਰ ਕਰਨਾ ਚਾਹੀਏ।

ਦ੍ਰਿਸਟ ਦਰਸ ਧਿਆਨ ਸਬਦ ਸੁਰਤਿ ਗਿਆਨ ਗਿਆਨ ਧਿਆਨ ਲਖ ਪ੍ਰੇਮ ਪਰਮ ਨਿਧਾਨ ਹੈ ।

ਮੂਲ ਕੀਹ ਕਿ ਜੋ ਕੁਛ ਦਰਸ ਦਰਸ਼ਨ ਜੋਗ ਦ੍ਰਿਸ਼੍ਯ ਓਨਾਂ ਦੀ ਦ੍ਰਿਸ਼ਟੀ ਨਿਗ੍ਹਾ ਵਿਚ ਔਂਦੀ ਹੈ, ਓਸ ਵਿਚ ਇਕ ਵਾਹਗੁਰੂ ਸਤਿਗੁਰੂ ਅੰਤਰਯਾਮੀ ਦਾ ਹੀ ਧਿਆਨ ਕਰਦੇ ਹਨ ਅਰੁ ਜੋ ਕੁਛ ਸਬਦ ਗੱਲ ਮਾਤ੍ਰ ਭੀ ਸੁਰਤਿ ਓਨਾਂ ਦੇ ਸੁਣਨ ਵਿਚ ਆਵੇ ਸਭ ਵਿਖੇ ਓਸ ਕਰਤਾਰ ਦਾ ਗਿਆਨ ਹੀ ਬੁਝਿਆ ਕਰਦੇ ਹਨ। ਬਸ ਇਸ ਭਾਂਤ ਗਿਆਨ ਧਿਆਨ ਪ੍ਰਾਸ਼ਇਣ ਤਤਪਰ ਹੋਏ ਏਸੇ ਲਖ ਨਿਸ਼ਾਨੇ ਲਖ੍ਯ ਨੂੰ ਧਾਰਣ ਕਰਦੇ ਪਰਮ ਪ੍ਰੇਮ ਦੇ ਨਿਧਾਨ ਭੰਡਾਰੇ ਬਣ ਜਾਂਦੇ ਹਨ।

ਮਨ ਬਚ ਕ੍ਰਮ ਸ੍ਰਮ ਸਾਧਨਾਧ੍ਯਾਤਮ ਕ੍ਰਮ ਗੁਰਮੁਖ ਸੁਖ ਸਰਬੋਤਿਮ ਨਿਧਾਨ ਹੈ ।੬੦।

ਸਿਧਾਂਤ ਇਹ ਕਿ ਮਨ ਬਾਣੀ ਸਰੀਰ ਕਰ ਕੇ ਜੋ ਕੁਛ ਭੀ ਸ੍ਰਮ ਸਾਧਨ ਜਤਨ ਸਾਧਨਾ ਉਦਮ ਪ੍ਰਵਿਰਤ ਓਹ ਧਾਰਦੇ ਹਨ, ਓਸ ਵਿਖੇ ਅਧ੍ਯਾਤਮ ਕ੍ਰਮ ਆਤਮਾ ਨੂੰ ਹੀ ਆਸ੍ਰਯ ਕਰਨ ਵਾਲੇ ਸਿਲਸਿਲੇ ਆਤਮ ਪ੍ਰਾਇਣੀ ਵੀਚਾਰ ਨੂੰ ਹੀ ਸਨਮੁਖ ਰਖਦੇ ਹੋਏ ਗੁਰਮੁਖ ਸਰਬੋਤਮ ਸੁਖ ਲੋਕ ਪ੍ਰਲੋਕ ਦੇ ਸਮੂਹ ਸੁਖਾਂ ਤੋਂ ਵੁਤਮ ਸਿਰੋਮਣੀ ਅਨੰਦ ਪਰਮਾਨੰਦ ਦੇ ਨਿਧਾਨ ਸਮੁਦ੍ਰ ਵਾ ਖਜ਼ਾਨੇ ਬਣ ਜਾਯਾ ਕਰਦੇ ਹਨ। ਭਾਵ ਮਨੁੱਖ ਮਾਤ੍ਰ ਲਈ ਹੀ ਪਰਮਾਨੰਦ ਪ੍ਰਦਾਤੇ ਹੋ ਜਾਇਆ ਕਰਦੇ ਹਨ ॥੬੦॥


Flag Counter