ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 143


ਕੋਟਨਿ ਕੋਟਾਨਿ ਆਦਿ ਬਾਦਿ ਪਰਮਾਦਿ ਬਿਖੈ ਕੋਟਨਿ ਕੋਟਾਨਿ ਅੰਤ ਬਿਸਮ ਅਨੰਤ ਮੈ ।

ਕੋਟਨਿ ਕੋਟਾਨਿ ਆਦਿ ਮਾਯਾ ਤੋਂ ਅਥਵਾ ਪ੍ਰਮਾਣੂਆਂ ਆਦਿ ਤੋਂ ਸ੍ਰਿਸ਼ਟੀ ਦਾ ਉਤਪੰਨ ਹੋਣਾ ਕਥਨ ਕਰਣ ਹਾਰੇ ਜੋ ਮਾਯਾ ਵਾਦ ਵਾ ਪ੍ਰਮਾਣੂਵਾਦ ਆਦਿਕ ਸਿਧਾਂਤ ਹਨ ਓਨਾਂ ਵਿਖੇ ਮਾਯਾ ਵਾ ਪ੍ਰਮਾਣੂ ਆਦਿ ਜਿਹੜੇ ਆਰੰਭਕ ਤੱਤ ਇਸ ਜਗਤ ਦੀ ਆਦਿ ਰੂਪ ਮੰਨੇ ਗਏ ਹਨ, ਉਹ ਬਾਦਿ ਪਰਮਾਦਿ ਬਿਖੈ ਸਭ ਦੀ ਹੀ ਆਦਿ ਸਰੂਪ ਤਤਾਂ ਦਾ ਪਰਮ ਅਸਥਾਨ ਰੂਪ ਜੋ ਪਰਮਾਦਿ ਪਰਮ ਤੱਤ ਸਰੂਪ ਪਰਮਾਤਮਾ ਹੈ, ਓਸ ਵਿਖੇ ਬਾਦਿ ਬ੍ਯਰਥ ਹਨ, ਭਾਵ ਪਰਮਾਤਮ ਸੱਤਾ ਬਿਨਾ ਜੜ ਹੋਣ ਕਾਰਣ ਉਹ ਕੁਝ ਨਹੀਂ ਕਰ ਸਕਦੇ। ਅਤੇ ਕੋਟਨਿ ਕੋਟਾਨਿ ਅੰਤ ਬਿਸਮ ਅਨੰਤ ਮੈ ਇਵੇਂ ਹੀ ਜਿਹੜੇ ਅਵਧੀ ਰੂਪ ਸਮੂਹ ਪਦਾਰਥਾਂ ਦੀ ਪ੍ਰਲਯ ਦੇ ਅਸਥਾਨ ਆਕਾਸ਼ ਪ੍ਰਕਿਰਤੀ ਪਰਖ ਆਦਿ ਅੰਤ ਰੂਪ ਮਹਾਨ ਤੱਤ੍ਵ ਮੰਨੇ ਗਏ ਹਨ, ਉਹ ਕ੍ਰੋੜਾਂ ਕੋਟੀਆਂ ਸਭ ਦੇ ਸਭ ਹੀ ਅਨੰਤ ਦੇਸ਼ ਕਾਲ ਵਸਤੂ ਭੇਦ ਰਹਿਤ ਪਰਮਾਤਮਾ ਵਿਖੇ ਬਿਸਮ ਵਿਖਮ ਭਾਵ ਨੂੰ ਪ੍ਰਾਪਤ ਹੋ ਜਾਯਾ ਕਰਦੇ ਹਨ, ਭਾਵ ਪਰਮਾਤਮਾ ਦੀ ਸੱਤਾ ਬਿਨਾਂ ਉਹ ਕਦਾਚਿਤ ਭੀ ਅਪਨੇ ਅੰਦਰ ਨਾਸ਼ ਹੋ ਰਹੇ ਪਦਾਰਥ ਨੂੰ ਲੀਨ ਨਹੀਂ ਕਰ ਸਕਦੇ।

ਕੋਟਿ ਪਾਰਾਵਾਰ ਪਾਰਾਵਾਰੁ ਨ ਅਪਾਰ ਪਾਵੈ ਥਾਹ ਕੋਟਿ ਥਕਤ ਅਥਾਹ ਅਪਰਜੰਤ ਮੈ ।

ਕੋਟਿ ਪਾਰਾਵਾਰ ਪਾਰਾਵਾਰੁ ਨ ਅਪਾਰ ਪਾਵੈ' ਪਾਰਾਵਾਰ ਨਾਮ ਸਮੁੰਦਰ ਦਾ ਭੀ ਹੈ, ਸੋ ਕ੍ਰੋੜਾਂ ਸਮੁੰਦਰ ਅਪਾਰ ਸਰੂਪ ਸਤਿਗੁਰੂ ਦਾ ਪਾਰਾਵਾਰ ਨਹੀਂ ਪਾ ਸਕਦੇ, ਥਾਹ ਕੋਟਿ ਥਕਤ ਅਥਾਹ ਅਪਰਜੰਤ ਮੈ ਅਰੁ ਕ੍ਰੋੜਾਂ ਹੀ ਡੂੰਘਾਈਆਂ ਅਥਾਹ ਬੇ ਓੜਕੇ ਤਥਾ ਅ+ਪਰਜੰਤ ਅਵਧੀ ਹੱਦ ਰਹਤ ਬੇਹੱਦ ਸਰੂਪ ਸਤਿਗੁਰੂ ਅੰਤ੍ਰਯਾਮੀ ਵਿਖੇ ਬਕਤ ਹੋ ਜਾਂਦੀਆਂ ਹਨ।

ਅਬਿਗਤਿ ਗਤਿ ਅਤਿ ਅਗਮ ਅਗਾਧਿ ਬੋਧਿ ਗੰਮਿਤਾ ਨ ਗਿਆਨ ਧਿਆਨ ਸਿਮਰਨ ਮੰਤ ਮੈ ।

ਅਬਿਗਤਿ ਗਤਿ ਅਤਿ ਸਤਿਗੁਰਾਂ ਦੀ ਗਤੀ ਅਤ੍ਯੰਤ ਅਬ੍ਯਕਤ ਹੈ, ਤੇ ਓਸ ਦਾ ਅਗਮ ਅਗਾਧਿ ਬੋਧਿ ਬੋਧ ਗੰਮਤਾ ਤੋਂ ਰਹਿਤ ਤਥਾ ਗਾਹਿਆ ਨਹੀਂ ਜਾਣ ਵਾਲਾ, ਸਿਮਰਨ ਮੰਤ ਮੈ ਮੰਤ੍ਰ ਸਿਮਰਣ ਵਿਖੇ ਗੰਮਿਤਾ ਨ ਗਿਆਨ ਧਿਆਨ ਲੌਕਿਕ ਬੇਦਿਕ ਗਿਆਨ ਧਿਆਨ ਨੂੰ ਗੰਮਤਾ ਨਹੀਂ ਹੋ ਸਕਦੀ।

ਅਲਖ ਅਭੇਵ ਅਪਰੰਪਰ ਦੇਵਾਧਿ ਦੇਵ ਐਸੇ ਗੁਰਦੇਵ ਸੇਵ ਗੁਰਸਿਖ ਸੰਤ ਮੈ ।੧੪੩।

ਅਲਖ ਅਭੇਵ ਅਪਰੰਪਰ ਦੇਵਾਧਿ ਦੇਵ ਉਹ ਅਲਖ ਲਖਤਾ ਤੋਂ ਪਰੇ ਹਨ ਤੇ ਓਨਾਂ ਦਾਭੇਵ ਮਰਮ ਨਹੀਂ ਪਾਯਾ ਜਾ ਸਕਦਾ, ਅਪਰੰਪਰ ਪਰੰਪਰਾ ਤੋਂ ਕੋਈ ਮਾਨੁਖੀ ਪਧੱਤ ਪ੍ਰਣਾਲੀ ਓਨਾਂ ਦੀ ਨਹੀਂ ਹੈ, ਅਰੁ ਸਮੂਹ ਦੇਵਤਿਆਂ ਦੇ ਮਹਾਨ ਦੇਵ ਹਨ, ਐਸੇ ਗੁਰਦੇਵ ਸੇਵ ਗੁਰਸਿਖ ਸੰਤ ਮੈ ਸੋ ਐਸਿਆਂ ਸਤਿਗੁਰਾਂ ਨੂੰ ਗੁਰਸਿਖਾਂ ਸੰਤਾਂ ਵਿਖੇ ਹੀ ਸੇਵਿਆ ਆਰਾਧਿਆ ਜਾ ਸਕਦਾ ਹੈ ਭਾਵ ਸਤਿ ਸੰਗਤਿ ਅੰਦਰ ਓਨਾਂ ਦੀ ਅਰਾਧਨਾ ਕੀਤੀ ਜਾ ਸਕਦੀ ਹੈ ॥੧੪੩॥