ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 638


ਚੀਕਨੇ ਕਲਸ ਪਰ ਜੈਸੇ ਨਾ ਟਿਕਤ ਬੂੰਦ ਕਾਲਰ ਮੈਂ ਪਰੇ ਨਾਜ ਨਿਪਜੈ ਨ ਖੇਤ ਜੀ ।

ਜਿਵੇਂ ਥਿੰਧੇ ਘੜੇ ਉੱਤੇ ਜਿਵੇਂ ਪਾਣੀ ਦੀ ਬੂੰਦ ਨਹੀਂ ਟਿਕਦੀ ਤੇ ਕੱਲਰੀ ਧਰਤੀ ਵਿਚ ਬੀਜਿਆ ਅਨਾਜ ਨਹੀਂ ਉਗਦਾ।

ਜੈਸੇ ਧਰਿ ਪਰ ਤਰੁ ਸੇਬਲ ਅਫਲ ਅਰੁ ਬਿਖਿਆ ਬਿਰਖ ਫਲੇ ਜਗੁ ਦੁਖ ਦੇਤ ਜੀ ।

ਜਿਵੇਂ ਧਰਤੀ ਉਪਰ ਸਿੰਮਲ ਰੁਖ ਫਲ ਹੀਣ ਹੈ ਅਤੇ ਜ਼ਹਿਰੀਲਾ ਬ੍ਰਿਛ ਫਲ ਕੇ ਭੀ ਜਗਤ ਨੂੰ ਦੁਖ ਹੀ ਦਿੰਦਾ ਹੈ।

ਚੰਦਨ ਸੁਬਾਸ ਬਾਂਸ ਬਾਸ ਬਾਸ ਬਾਸੀਐ ਨਾ ਪਵਨ ਗਵਨ ਮਲ ਮੂਤਤਾ ਸਮੇਤ ਜੀ ।

ਚੰਦਨ ਦੀ ਸੋਹਣੀ ਵਾਸ਼ਨਾ ਬਾਂਸ ਵਿਚ ਉਸ ਦੇ ਨੇੜੇ ਵੱਸ ਵੱਸਕੇ ਭੀ ਨਹੀਂ ਪ੍ਰਵੇਸ਼ ਕਰਦੀ ਤੇ ਮਲ ਮੂਤ੍ਰ ਵਾਲੀ ਥਾਂ ਤੋਂ ਲੰਘੀ ਪਉਣ ਉਸੇ ਸੇਮਤ ਭਾਵ ਬਦਬੂਦਾਰ ਹੀ ਹੁੰਦੀ ਹੈ।

ਗੁਰ ਉਪਦੇਸ ਪਰਵੇਸ ਨ ਮੋ ਰਿਦੈ ਭਿਦੇ ਜੈਸੇ ਮਾਨੋ ਸ੍ਵਾਂਤਿਬੂੰਦ ਅਹਿ ਮੁਖ ਲੇਤ ਜੀ ।੬੩੮।

ਤਿਵੇਂ ਗੁਰੂ ਉਪਦੇਸ਼ ਮੇਰੇ ਹਿਰਦੇ ਨੂੰ ਵਿੰਨ੍ਹਕੇ ਵਿਚ ਪ੍ਰਿਵੇਸ਼ ਨਹੀਂ ਕਰਦਾ, ਜਿਵੇਂ ਸੱਪ ਦਾ ਮੂੰਹ ਸ੍ਵਾਂਤੀ ਬੂੰਦ ਲੈਂਦ ਹੈ ਮੇਰਾ ਮਨ ਭੀ ਮਾਨੋ ਉਸ ਸ੍ਵਾਂਤੀ ਬੂੰਦ ਨੂੰ ਜ਼ਹਿਰ ਬਣ ਦੇਂਦਾ ਹੈ ॥੬੩੮॥