ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 315


ਆਂਧਰੇ ਕਉ ਸਬਦ ਸੁਰਤਿ ਕਰ ਚਰ ਟੇਕ ਅੰਧ ਗੁੰਗ ਸਬਦ ਸੁਰਤਿ ਕਰ ਚਰ ਹੈ ।

ਅੰਨ੍ਹੇ ਨੂੰ ਤਾਂ ਰਸਨਾ, ਕੰਨਾ, ਹੱਥਾਂ ਤਥਾ ਪੈਰਾਂ ਦਾ ਸਹਾਰਾ ਹੁੰਦਾ ਹੈ, ਅਤੇ ਅੰਨ੍ਹੇ ਗੁੰਗੇ ਨੂੰ ਰਸਨਾ ਕੰਨਾਂ ਹੱਥਾਂ ਤਥਾ ਪੈਰਾਂ ਦਾ।

ਅੰਧ ਗੁੰਗ ਸੁੰਨ ਕਰ ਚਰ ਅਵਲੰਬ ਟੇਕ ਅੰਧ ਗੁੰਗ ਸੁੰਨ ਪੰਗ ਟੇਕ ਏਕ ਕਰ ਹੈ ।

ਪਰ ਜਿਹੜਾ ਅੰਨ੍ਹਾਂ, ਗੁੰਗਾ ਅਤੇ ਬੋਲਾ ਹੋਵੇ, ਓਸ ਨੂੰ ਹੱਥਾਂ ਦਾ ਅਵਿਲੰਬ = ਸਹਾਰਾ ਹੁੰਦਾ ਹੈ ਤਥਾ ਪੈਰਾਂ ਦੀ ਟੇਕ ਥੂਨ੍ਹੀ। ਕਿੰਤੂ ਜੋ ਅੰਨ੍ਹਾ ਗੁੰਗਾ, ਬੋਲਾ ਅਤੇ ਪਿੰਗਲਾ ਹੋਵੇ, ਓਸ ਦੀ ਟੇਕ ਕੇਵਲ ਇਕ ਹੱਥ ਹੀ ਹੁੰਦੇ ਹਨ।

ਅੰਧ ਗੁੰਗ ਸੁੰਨ ਪੰਗ ਲੁੰਜ ਦੁਖ ਪੁੰਜ ਮਮ ਸਰਬੰਗ ਹੀਨ ਦੀਨ ਦੁਖਤ ਅਧਰ ਹੈ ।

ਓਨਾਂ ਨੂੰ ਕੋਈ ਨਾ ਕੋਈ ਸਹਾਰਾ ਹੋਣ ਕਰ ਕੇ ਆਪਣਾ ਆਪਣਾ ਦੁੱਖ ਕੱਟਨ ਦਾ ਉਹ ਉਪ੍ਰਾਲਾ ਕਰ ਸਕਦੇ ਹਨ ਪ੍ਰੰਤੂ ਅੰਨ੍ਹੇ, ਗੁੰਗੇ, ਬੋਲੇ, ਪਿੰਗੁਲੇ ਤੇ ਲੁੰਜੇ ਦੁੱਖ ਪੁੰਜ, ਦੁੱਖ ਰੂਪ ਮਮ ਮੈਂ ਤਾਂ ਸਮੂਚਲਾ ਹੀ ਅੰਗਾਂ ਤੋਂ ਹੀਣਾ ਹਾਂ, ਤੇ ਦੀਨ ਆਤੁਰ ਆਯਾ ਹੋਯਾ ਦੁਖੀ, ਅਰੁ ਅਧਰ ਧਿਰੋਂ ਸਹਾਰ੍ਯੋਂ ਗਿਆ ਗੁਜਰਿਆ ਵਾ ਅਧਰ ਬੇਹਿੰਮਤਾ ਹਾਂ ਜਿਸ ਕਰ ਕੇ ਆਪਣੇ ਦੁੱਖਾਂ ਦਾ ਉਪ੍ਰਾਲਾ ਕੁਛ ਨਹੀਂ ਕਰ ਸਕਦਾ।

ਅੰਤਰ ਕੀ ਅੰਤਰਜਾਮੀ ਜਾਨੈ ਅੰਤਰਗਤਿ ਕੈਸੇ ਨਿਰਬਾਹੁ ਕਰੈ ਸਰੈ ਨਰਹਰ ਹੈ ।੩੧੫।

ਹੇ! ਮਹਾਨ ਦੁੱਖਾਂ ਤੋਂ ਪ੍ਰਹਲਾਦ ਆਦਿ ਨੂੰ ਬਚਾਨ ਹਾਰੇ ਨਰ ਸਿੰਘ ਸਰੂਪ ਭਗਵਾਨ ਸਤਿਗੁਰੋ ਸਭਨੀਂ ਅੰਦਰੀਂ ਰਮੇ ਹੋਏ ਤੁਸੀਂ ਅੰਦਰਾਂ ਦੀਆਂ ਜਾਨਣ ਹਾਰੇ ਅੰਤਰਯਾਮੀ ਹੋ, ਤੇ ਸਭ ਕੁਛ ਜਾਨਦੇ ਹੋ ਕਿ ਮੈਂ ਜੋ ਦੁਖਾਂ ਤੇ ਸੰਤਾਪ ਨਾਲ ਸੜ ਰਿਹਾ ਹਾਂ ਕਿਸ ਪ੍ਰਕਾਰ ਨਿਰਬਾਹ ਕਰਾਂ ਜਿੰਦਗੀ ਬਿਤਾਵਾਂ ਅਥਵਾ ਕੈਸੇ ਨਿਰਬਾਹ ਕਰੈ ਸਰੈ ਨ ਰਹ ਰਹੈ ਕਿਸ ਪ੍ਰਕਾਰ ਨਿਰਬਾਹ ਕਰਾਂ ਮੇਰੀ ਸਰਦੀ ਨਹੀਂ ਤੇ ਰਾਹ ਰਹਿ ਰਿਹਾ ਹੈ ਭਾਵ ਮੋਖ ਮਾਰਗੋਂ ਵੰਕਿਆ ਜਾ ਰਿਹਾ ਹਾਂ, ਤੇ ਮਨੁੱਖਾ ਜਨਮ ਅਜਾਈਂ ਜਾ ਰਿਹਾ ਹੈ। ਅਥਵਾ ਕਿਸ ਪ੍ਰਕਾਰ ਆਪ ਨਾਲ ਨਿਭ ਆਵੇ ਤੇ ਸਰ ਬਣ ਸਕੇ, ਜਿਸ ਕਰ ਕੇ ਰਾਹੋਂ ਨਾ ਰਹਿ ਜਾਵਾਂ ॥੩੧੫॥


Flag Counter