ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 503


ਭਗਤ ਵਛਲ ਸੁਨਿ ਹੋਤ ਹੋ ਨਿਰਾਸ ਰਿਦੈ ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ ।

ਭਗਤ ਵਛਲ ਭਗਤ ਜਨਾਂ ਨਾਂਲ ਪ੍ਯਾਰ ਕਰਣ ਹਾਰਾ ਸੁਣ ਕੇ ਤਾਂ ਰਿਦੇ ਅੰਦਰ ਨਿਰਾਸ ਹੋ ਹੋ ਪੈਂਦਾ ਹਾਂ ਕ੍ਯੋਂਕਿ ਮੈਂ ਭਗਤ ਪ੍ਰੇਮੀ ਹਾਂ ਨਹੀਂ ਪਰ ਪਤਿਤ ਪਾਵਨ ਪਾਪੀਆਂ ਅਨਾਚਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਸੁਣ ਸੁਣ ਕੇ ਹਿਰਦੇ ਅੰਦਰ ਆਸਾ ਉਮੇਦਾਂ ਧਾਰ ਫਿਰਦਾ ਹਾਂ ਕਿ ਮੈਂ ਭਾਰਾ ਬੇਮੁਖ ਅਪ੍ਰ੍ਰਾਧੀ ਹੁੰਦਾ ਭੀ ਜ਼ਰੂਰ ਬਖਸ਼੍ਯਾ ਜਾਵਾਂਗਾ।

ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ ਹੌਂ ।

ਅੰਦਰਾਂ ਦੀਆਂ ਜਾਨਣ ਵਾਲਾ ਸੁਣ ਕੇ ਤਾਂ ਅਪਣੀਆਂ ਮੈਂ ਗੁਰਾਂ ਦੇ ਹਜ਼ੂਰ ਨਹੀਂ ਜਾਣਾ ਓਨਾ ਮੇਰੇ ਨਾਲ ਡਾਢੀ ਕੀਤੀ ਹੈ ਐਸੀਆਂ ਐਸੀਆਂ ਭੈੜੀਆਂ ਚਿਤਵਨੀਆਂ ਕਾਰਣ ਅੰਦਰੋ ਅੰਦਰ ਕੰਬਦਾ ਰਹਿੰਦਾ ਡਰ ਨਾਲ ਸਹਿਮਿਆ ਰਹਿੰਦਾ; ਹਾਂ ਪਰ ਦੀਨਾਂ ਆਜਜ਼ਾਂ ਉਪਰ ਦਇਆਲੁ ਮਿਹਰ ਕਰ ਕੇ ਦ੍ਰਵ ਪੈਣ ਹਾਰਾ ਸੁਣ ਕੇ ਅਪਣੀਆਂ ਕਰਤੂਤਾਂ ਵਜੋਂ ਤੌਖਲੇ ਨੂੰ ਚੁਕਾ ਦਿੰਦਾ ਹਾਂ ਭੈ ਨੂੰ ਭਰਮ ਮਾਤ੍ਰ ਜਾਣ ਕੇ ਤੌਖਲਾ ਦੂਰ ਕਰ ਲੈਂਦਾ ਹਾਂ; ਇਹ ਭਾਵ ਹੈ।

ਜਲਧਰ ਸੰਗਮ ਕੈ ਅਫਲ ਸੇਂਬਲ ਦ੍ਰੁਮ ਚੰਦਨ ਸੁਗੰਧ ਸਨਬੰਧ ਮੈਲਗਾਰ ਹੌਂ ।

ਬੱਦਲ ਦੇ ਸੰਗਮ ਸੰਜੋਗ ਨੂੰ ਪਾ ਕੇ ਭੀ ਸਿੰਬਲ ਦਾ ਬੂਟਾ ਅਫਲ ਹੀ ਰਹਿੰਦਾ ਹੈ ਤਾਂ ਅਪਣਿਆਂ ਪਰਪੰਚੀ ਕਾਰਿਆਂ ਪਿਛੇ ਮੈਂ ਭੀ ਗੁਰੂ ਬਖਸ਼ਿੰਦ ਤੋਂ ਅਫਲ ਹੀ ਰਹਿਣ ਦਾ ਸੰਸਾ ਧਾਰਦਾ ਹਾਂ, ਪਰ ਚੰਨਣ ਦੀ ਸੁਗੰਧੀ ਦੇ ਸਰਬੰਧ ਮੇਲ ਨਾਲ ਸਿੰਬਲ ਭੀ ਮਲਗਾਰ ਮਲ੍ਯਾਗ੍ਰ ਚੰਦਨ ਬਣ ਜਾਂਦਾ ਹੈ, ਤਾਂ ਪਖੰਡੀਆਂ ਨੂੰ ਭੀ ਸਤਿਗੁਰੂ ਤਾਰ ਲੈਂਦੇ ਹਨ, ਐਸਾ ਮੰਨ ਕੇ ਮੈਂ ਭੀ ਉਤਸ਼ਾਹੀ ਬਣ ਜਾਂਦਾ ਹਾਂ।

ਅਪਨੀ ਕਰਨੀ ਕਰਿ ਨਰਕ ਹੂੰ ਨ ਪਾਵਉ ਠਉਰ ਤੁਮਰੇ ਬਿਰਦੁ ਕਰਿ ਆਸਰੋ ਸਮਾਰ ਹੌਂ ।੫੦੩।

ਆਪਣੀਆਂ ਕਰਣੀਆਂ ਕਰਤੂਤਾਂ ਕਰ ਕੇ ਤਾਂ ਨਰਕ ਵਿਚ ਭੀ ਥਾਂ ਨਹੀਂ ਲਭਦੀ ਦਿੱਸਦੀ ਪਰ ਮਨੇ ਮਨ ਧ੍ਯਾਨ ਕਰਦੇ ਹੇ ਸਤਿਗੁਰੋ! ਤੁਹਾਡੇ ਬਿਰਦ ਆਪ ਦੀ ਸੁਕੀਰਤੀ ਵਾ ਪ੍ਰਸਿਧੀ ਐਸੀ ਕਿ ਆਪ ਅਧਮ ਉਧਾਰਨ ਹੋ ਇਸ ਗੱਲ ਦਾ ਆਸਰਾ ਤੱਕ ਰਿਹਾ ਹਾਂ ॥੫੦੩॥