ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 527


ਜਉ ਗਰਬੈ ਬਹੁ ਬੂੰਦ ਚਿਤੰਤਰਿ ਸਨਮੁਖ ਸਿੰਧ ਸੋਭ ਨਹੀ ਪਾਵੈ ।

ਜੇ ਕਰ ਕਤਰਾ ਸਮੁੰਦਰ ਦੇ ਸਾਮ੍ਹਨੇ ਬਹੁਤ ਹਉਮੈ ਨੂੰ ਚਿਤ ਅੰਦਰ ਲਿਆਵੇ ਤਾਂ ਸੋਭਾ ਨਹੀਂ ਪਾ ਸਕਦੀ।

ਜਉ ਬਹੁ ਉਡੈ ਖਗਧਾਰ ਮਹਾਬਲ ਪੇਖ ਅਕਾਸ ਰਿਦੈ ਸੁਕਚਾਵੈ ।

ਜੇਕਰ ਭਾਰਾ ਬਲ ਲਾ ਕੇ ਪੰਛੀ ਬਹੁਤ ਉੱਚੀ ਉਡਾਰੀ ਲਗਾਵੇ ਤਾਂ ਅਕਾਸ਼ ਦਾ ਵਿਸਤਾਰ ਤੱਕ ਕੇ ਉਹ ਅੰਦਰੇ ਅੰਦਰ ਝੁਰਿਆ ਹੀ ਕਰਦਾ ਹੈ।

ਜਿਉ ਬ੍ਰਹਮੰਡ ਪ੍ਰਚੰਡ ਬਿਲੋਕਤ ਗੂਲਰ ਜੰਤ ਉਡੰਤ ਲਜਾਵੈ ।

ਜਿਸ ਤਰ੍ਹਾਂ ਗੁੱਲਰ ਦੇ ਫਲ ਅੰਦਰਲਾ ਜੀਵ ਭੁਨਭੁਣਾ = ਮੱਛਰ, ਪ੍ਰਚੰਡ ਬ੍ਰਹਮੰਡ ਅਤੀ ਉਗ੍ਰ ਮਹਾਂ ਪਸਾਰੇ ਵਾਲੇ ਬ੍ਰਹਮੰਡ ਨੂੰ ਦੇਖ ਕੇ ਉਡਾਰੀ ਮਾਰਦਿਆਂ ਹੋਇਆਂ ਲੱਜਾਵਾਨ ਹੋਯਾ ਕਰਦਾ ਹੈ।

ਤੂੰ ਕਰਤਾ ਹਮ ਕੀਏ ਤਿਹਾਰੇ ਜੀ ਤੋ ਪਹਿ ਬੋਲਨ ਕਿਉ ਬਨਿ ਆਵੈ ।੫੨੭।

ਹੇ ਸਤਿਗੁਰਾ! ਤੂੰ ਕਰਤਾ ਪੁਰਖ ਹੈਂ ਤੇ ਅਸੀਂ ਤੁਸਾਡੇ ਰਚੇ ਹੋਏ ਜੀਵ ਜੰਤੂ ਹਾਂ, ਤੁਹਾਡੇ ਪਾਸ ਤੁਹਾਡੇ ਸਾਮਨੇ ਕਿਸ ਤਰ੍ਹਾਂ ਬੋਲਣਾ ਕੋਈ ਉਜ਼ਰ ਕਰਨਾ ਫੱਬ ਸਕਦਾ ਹੈ ॥੫੨੭॥