ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 140


ਦਰਸਨ ਜੋਤਿ ਕੋ ਉਦੋਤ ਅਸਚਰਜ ਮੈ ਤਾਮੈ ਤਿਲ ਛਬਿ ਪਰਮਦਭੁਤ ਛਕਿ ਹੈ ।

ਦਰਸਨ ਜੋਤਿ ਕੋ ਉਦੋਤ ਅਸਚਰਜ ਮੈ ਦਰਸ਼ਨ ਵਿਚ ਔਣ ਹਾਰੇ ਸਮੂਹ ਪਦਾਰਥਾਂ ਦੀ ਜੋਤ ਚਾਨਣੇ ਦਾ ਅਚਰਜ ਰੂਪੀ ਉਦੋਤ ਉਦੇ ਪ੍ਰਗਟ ਹੋਣਾ ਹੁੰਦਾ ਹੈ ਜਿਸ ਟਿਕਾਣੇ ਅਰਥਾਤ ਸਭ ਦਿਖਾਈ ਦੇਣ ਵਾਲੀਆਂ ਵਸਤੂਆਂ ਦੇ ਤੱਕਨ ਦਾ ਜ੍ਯੋਂ ਦਾ ਤ੍ਯੋਂ ਗਿਆਨ ਹੁੰਦਾ ਹੈ ਅਸਾਨੂੰ ਜਿਸ ਟਿਕਾਣੇ ਤਾ ਮੈ ਤਿਲ ਛਬਿ ਪਰਮਦਭੁਤ ਛਕਿ ਹੈ ਤਿਸ ਅਸਥਾਨ ਵਿਖੇ ਇਕ ਤਿਲ ਪਰਮ ਅਦਭੁਤ ਅਤ੍ਯੰਤ ਅਨੋਖੀ ਛਬਿ ਸੁਦਰਤਾ ਵਿਚ ਛਕਿਆ ਹੋਇਆ ਤੁਲਿਆ ਹੋਯਾ ਅਘਾਇਆ ਹੋਯਾ ਭਰਪੂਰ ਹੈ।

ਦੇਖਬੇ ਕਉ ਦ੍ਰਿਸਟਿ ਨ ਸੁਨਬੇ ਕਉ ਸੁਰਤਿ ਹੈ ਕਹਿਬੇ ਕਉ ਜਿਹਬਾ ਨ ਗਿਆਨ ਮੈ ਉਕਤਿ ਹੈ ।

ਦੇਖਬੇ ਕਉ ਦ੍ਰਿਸਟਿ ਨ ਸੁਨਿਬੇ ਕਉ ਸੁਰਤਿ ਹੈ' ਇਸ ਦੇ ਦੇਖਣ ਵਾਸਤੇ ਇਹ ਦ੍ਰਿਸ਼ਟੀ ਕੰਮ ਨਹੀਂ ਆ ਸਕਦੀ, ਤੇ ਇਸ ਦਾ ਮਹੱਤ ਸੁਨਣ ਲਈ ਇਹ ਸਾਧਾਰਣ ਕੰਨ ਨਹੀਂ ਹੋ ਸਕਦੇ। 'ਕਹਿਬੇ ਕਉ ਜਿਹਵਾ ਨ ਗਿਆਂਨ ਮੈ ਉਕਤਿ ਹੈ' ਇਸ ਦਾ ਪ੍ਰਭਾਵ ਕਥਨ ਖਾਤਰ ਇਹ ਜੀਭ ਸਮਰੱਥ ਨਹੀਂ ਤੇ ਜਾਨਣ ਦੀ ਸ਼ਕਤੀ ਅਕਲ ਵਿਚ ਭੀ ਉਕਤਿ ਦਲੀਲ ਹੁੱਜਤ ਤਰਕ ਵਿਤਰਕ ਦ੍ਵਾਰੇ ਸਮਝਨ ਦਾ ਬਲ ਨਹੀਂ ਹੈ।

ਸੋਭਾ ਕੋਟਿ ਸੋਭ ਲੋਭ ਲੁਭਿਤ ਹੁਇ ਲੋਟ ਪੋਟ ਜਗਮਗ ਜੋਤਿ ਕੋਟਿ ਓਟਿ ਲੈ ਛਿਪਤਿ ਹੈ ।

ਸੋਭਾ ਕੋਟਿ ਸੋਭ ਲੋਭ ਲੁਭਿਤ ਹੁਇ ਲੋਟ ਪੋਟ ਕ੍ਰੋੜਾਂ ਹੀ ਸ਼ੋਭਾਵਾਂ ਇਸ ਦੀ ਸ਼ੋਭਾ ਦੇ ਲੋਭ ਲਾਲਸਾ ਸਿੱਕ ਵਿਚ ਲੁਭਾਇਮਾਨ ਹੋ ਕੇ ਲੋਟਨ ਪੋਟਨ ਹੋ ਰਹੀਆਂ ਹਨ, ਅਤੇ ਜਗ ਮਗ ਜੋਤਿ ਕੋਟਿ ਓਟ ਲੈ ਛਿਪਤਿ ਹੈ ਜਗਮਗ ਜਗਮਗ ਕਰਣ ਹਾਰੀਆਂ ਬ੍ਰਹਮੰਡ ਭਰ ਦੀਆਂ ਕ੍ਰੋੜਾਂ ਹੀ ਜੋਤਾਂ ਇਸ ਦੀ ਜੋਤ ਦਮਕ ਦੀ ਓਟ ਲੈ ਉਹਲੇ ਹੋ ਕੇ ਸ਼ਰਮ ਦੀਆਂ ਮਾਰੀਆਂ ਇਸ ਦੇ ਸਾਮਣੇ ਹੋਣੋ ਛਿਪਦੀਆਂ ਫਿਰਦੀਆਂ ਹਨ ਭਾਵ ਮਾਤ ਹੋਈਆਂ ਪਈਆਂ ਹਨ।

ਅੰਗ ਅੰਗ ਪੇਖ ਮਨ ਮਨਸਾ ਥਕਤ ਭਈ ਨੇਤ ਨੇਤ ਨਮੋ ਨਮੋ ਅਤਿ ਹੂ ਤੇ ਅਤਿ ਹੈ ।੧੪੦।

ਅੰਗ ਅੰਗ ਪੇਖਿ ਮਨ ਮਨਸਾ ਥਕਤ ਭਈ' ਪੇਖ ਕੇ ਤੱਕ ਕੇ ਅੰਗ ਅੰਗ ਸਰਬ ਅੰਗ ਕਰ ਕੇ ਸਮੂਲਚੀ ਹੀ ਮਨ ਦੀ ਮਨਸਾ ਸੰਕਲਪ ਬਿਰਤੀ ਵਾ ਮਨੋ ਬਿਰਤੀਆਂ ਦਾ ਸਮੁਦਾਯ ਥਕਿਤ ਹੋ ਹੁੱਟ ਜਾਇਆ ਕਰਦਾ ਹੈ। ਓਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ, ਬਸ ਨੇਤਿ ਨੇਤਿ ਨਮੋ ਨਮੋ ਅਤਿ ਹੂ ਤੇ ਅਤਿ ਹੈ ਨੇਤਿ ਨੇਤਿ ਅਨੰਤ ਅਨੰਤ ਆਖਕੇ ਅਤ੍ਯੰਤ ਤੋਂ ਅਤ੍ਯੰਤ ਨਮਸਕਾਰ ਹੀ ਨਮਸਕਾਰ ਇਸ ਤਿਲ ਤਾਂਈ ਕਰਦੇ ਹਨ ॥੧੪੦॥


Flag Counter