ਪਤੰਗਾ ਪ੍ਰੇਮ ਦੇ ਨੇਮ ਦੀ ਖੇਡ ਖੇਡ ਕੇ ਜਿਸ ਤਰ੍ਹਾਂ ਦੀਵੇ ਦੇ ਪ੍ਰਗਾਸ ਨੂੰ ਪ੍ਰਾਪਤ ਹੋ ਜਾਂਦਾ ਹੈ, ਇਸੇ ਤਰ੍ਹਾਂ ਪ੍ਰੇਮੀ ਪੁਰਖ ਪ੍ਰੇਮ ਨੇਮ ਦੀ ਖੇਡ ਖੇਡ ਕੇ ਪ੍ਰੀਤਮ ਦੇ ਮੇਲ ਨੂੰ ਪ੍ਰਾਪਤ ਹੋਇਆ ਜ੍ਯੋਤੀ ਸਰੂਪ ਪਰਮਾਤਮਾ ਦੀ ਜੋਤ ਵਿਖੇ ਸਮਾ ਜਾਇਆ ਕਰਦਾ ਹੈ।
ਐਸੇ ਹੀ ਜਲ ਨੂੰ ਮਿਲ ਕੇ ਸਹਜ ਸੰਜੋਗ ਮਿਲਾਪ ਦੇ ਸੁਖ ਨੂੰ ਅਰੁ ਓਸ ਤੋਂ ਵਿਛੁੜ ਕੇ ਬਿਰਹੋਂ ਕਾਰਣ ਵਿਜੋਗ ਵਿਚਲੇ ਮਰਣ ਤੁੱਲ ਦੁੱਖ ਨੂੰ ਮਛਲੀ ਵਾਕੁਰ ਆਪਣੇ ਆਪ ਉਪਰ ਖੇਡ ਕੇ ਸਚਾ ਪ੍ਰੇਮੀ ਦਿਖੌਂਦਾ ਹੈ।
ਅਰੁ ਸ਼ਬਦ ਵਿਖੇ ਸੁਰਤ ਦੀ ਲਿਵ ਦ੍ਵਾਰੇ ਸੰਸਾਰ ਵਲੋਂ ਥਕਿਤ ਹੋ ਕੇ ਚਕਿਤ ਵਿਸਮਾਦ ਅਵਸਥਾ ਨੂੰ ਪ੍ਰਾਪਤ ਹੋਯਾ ਸੱਚਾ ਪ੍ਰੇਮੀ ਸਬਦ ਬੇਧੀ ਸ਼ਬਦ ਸਨੇਹੀ ਹਰਣ ਦੀ ਜੁਗਤਿ ਚਾਲ ਨੂੰ ਭੀ ਜਤਾਯਾ ਕਰਸਾਯਾ ਕਰਦਾ ਹੈ।
ਪਰ ਜਿਹੜਾ ਸਿੱਖ ਮਿਲ ਕੇ ਵਿਛੁੜਦਾ ਹੈ ਅਤੇ ਚਾਹੇ ਉਹ ਸ਼ਬਦ ਵਿਖੇ ਸੁਰਤਿ ਦੀ ਲਿਵ ਲਾਈ ਹੀ ਰਖੇ ਓਸ ਦਾ ਪ੍ਰੇਮ ਕਪਟ ਦਾ ਹੀ ਹੁੰਦਾ ਹੈ, ਉਹ ਸਨੇਹੀ ਸੱਚਾ ਪ੍ਰੇਮੀ ਨਹੀਂ ਅਖਵਾ ਸਕਦਾ ॥੫੫੦॥