ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 296


ਚੰਦ੍ਰਮਾ ਅਛਤ ਰਵਿ ਰਾਹ ਨ ਸਕਤ ਗ੍ਰਸਿ ਦ੍ਰਿਸਟਿ ਅਗੋਚਰੁ ਹੁਇ ਸੂਰਜ ਗ੍ਰਹਨ ਹੈ ।

ਐਸਾ ਤਾਂ ਚੰਦ੍ਰਮਾ ਅਛਤ = ਮੌਜੂਦ ਹੁੰਦਿਆਂ ਵਰਤਮਾਨ ਰਹਿੰਦਿਆਂ ਸੂਰਜ ਨੂੰ ਰਾਹੂ ਦੈਤ ਨਹੀਂ ਗ੍ਰਸ ਸਕਿਆ ਕਾਬੂ ਕਰ = ਫੜ ਸਕਿਆ ਕਰਦਾ, ਪਰ ਜਦ ਚੰਦ੍ਰ, ਸੂਰਜ ਦੀਆਂ ਅੱਖਾਂ ਓਹਲੇ ਹੋ ਜਾਂਦਾ ਮਸਿਆ ਨੂੰ ਮੂਲੋਂ ਹੀ ਲੋਪ ਹੋ ਜਾਂਦਾ ਹੈ ਤਾਂ ਗ੍ਰਹਣ ਲਗਨ ਦੇ ਨਛੱਤਰ ਵਿਖੇ ਸੂਰਜ ਨੂੰ ਗ੍ਰਹਣ ਲਗ ਜਾਇਆ ਕਰਦਾ ਹੈ।

ਪਛਮ ਉਦੋਤ ਹੋਤ ਚੰਦ੍ਰਮੈ ਨਮਸਕਾਰ ਪੂਰਬ ਸੰਜੋਗ ਸਸਿ ਕੇਤ ਖੇਤ ਹਨਿ ਹੈ ।

ਐਸਾ ਤਾਂ ਚੰਦ੍ਰਮਾ ਅਪਣੀ ਸ਼ਕਤੀ ਦੇ ਬਲ ਸੂਰਜ ਨੂੰ ਬਚੌਂਦਾ ਹੈ ਪਰ ਜਦ ਪੱਛੋਂ ਲਹਿੰਦੇ ਦਿਸ਼ਾ ਵਿਚ ਉਦੋਤ ਉਦੇ ਹੁੰਦਾ ਚੜ੍ਹਦਾ ਹੈ ਤਦ ਨਮਸਕਾਰਾਂ ਹੁੰਦੀਆਂ ਹਨ, ਭਾਵ ਅਪਣੇ ਘਰ ਵਸਦਿਆਂ ਤਾਂ ਪੂਜ੍ਯ ਹੁੰਦਾ ਹੈ, ਪਰ ਜ੍ਯੋਂਹੀ ਕਿ ਇਹ ਪੂਰਬ ਦਿਸ਼ਾ ਵਿਚ ਪੂਰਨਮਾਸ਼ੀ ਵਾਲੇ ਦਿਹਾੜੇ ਸੂਰਜ ਨਾਲ ਜਾ ਸੰਜੋਗ ਪਾਵੇ, ਭਾਵ ਅਪਣਾ ਘਰ ਛੱਡ ਪਰਾਏ ਘਰ ਵਸਦਿਆਂ ਮੈਦਾਨ ਵਿਚ ਹੀ ਮਾਰਿਆ ਜਾਂਦਾ ਭਰੇ ਪ੍ਰਕਾਸ਼ ਵਿਚ ਗ੍ਰਹਣਿਆ ਜਾਂਦਾ ਹੈ।

ਕਾਸਟ ਮੈ ਅਗਨਿ ਮਗਨ ਚਿਰੰਕਾਲ ਰਹੈ ਅਗਨਿ ਮੈ ਕਾਸਟ ਪਰਤ ਹੀ ਦਹਨ ਹੈ ।

ਐਸਾ ਹੀ ਜਦ ਤਕ ਤਾਂ ਅੱਗ ਕਾਠ ਵਿਚ ਅਗਨਿ ਲੋਪ ਰਹੇ ਤਾਂ ਬਹੁਤ ਸਮੇਂ ਤਕ ਰਹਿੰਦੀ ਹੈ, ਪਰ ਜ੍ਯੋਂ ਹੀ ਕਿ ਅੱਗ ਬਾਹਰ ਆਵੇ ਤੇ ਲਕੜ ਅੱਗ ਅੰਦਰ ਜਾ ਪਵੇ, ਪੈਂਦੇ ਸਾਰ ਹੀ ਦਗਧ ਹੋ ਜਾਂਦੀ ਹੈ।

ਤੈਸੇ ਸਿਵ ਸਕਤ ਅਸਾਧ ਸਾਧ ਸੰਗਮ ਕੈ ਦੁਰਮਤਿ ਗੁਰਮਤਿ ਦੁਸਹ ਸਹਨ ਹੈ ।੨੯੬।

ਤਿਸੇ ਭਾਂਤ ਸਾਧ ਸੰਗਮ ਕੈ ਜਦ ਮਨੁੱਖ ਸਾਧ ਸੰਗਤ ਕਰਦਿਆਂ ਗੁਰਮਤਿ ਸਹਨ ਗੁਰਮਤ ਦੇ ਆਲੰਬ ਸਹਾਰੇ ਨੂੰ ਧਾਰੀ ਰਖਦਾ ਹੈ, ਤਾਂ ਸ਼ਿਵ ਕਲਿਆਣ ਪਦ ਨੂੰ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਦ ਅਸਾਧ ਸੰਗਮ ਕੈ ਭੈੜੀ ਸੰਗਤ ਕਰਦਿਆਂ ਦੁਸਹ = ਦੁੱਖ ਨਾਲ ਸਹਨ ਜੋਗ ਦੁਰਮਤ ਦੁਸ਼ਟ ਮਤ ਦਾ ਆਲੰਬ ਸਹਾਰਾ ਲੈਂਦਾ ਹੈ ਤਾਂ ਸਕਤਿ ਪਦ ਸੰਸਾਰ ਦਾ ਬਾਸੀ ਹੁੰਦਾ ਭਾਵ ਬਾਰੰਬਾਰ ਜਨਮ ਮਰਣ ਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ ॥੨੯੬॥


Flag Counter