ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 77


ਸਬਦ ਸੁਰਤਿ ਲਿਵ ਜੋਤ ਕੋ ਉਦੋਤ ਭਇਓ ਤ੍ਰਿਭਵਨ ਅਉ ਤ੍ਰਿਕਾਲ ਅੰਤਰਿ ਦਿਖਾਏ ਹੈ ।

ਸ਼ਬਦ ਵਿਖੇ ਸੁਰਤਿ ਦੀ ਲਿਵ ਦੇ ਪ੍ਰਭਾਵ ਕਰ ਕੇ ਜੋਤਿ ਕੋ ਉਦੋਤ ਭਇਓ ਪ੍ਰਕਾਸ਼ ਉਦੇ ਹੋ ਔਂਦਾ ਹੈ ਆਤਮ ਸਾਖ੍ਯਾਤਕਾਰਤਾ ਦੀ ਪ੍ਰਾਪਤੀ ਹੋ ਆਯਾ ਕਰਦੀ ਹੈ ਜਿਸ ਪ੍ਰਕਾਸ਼ ਕਰ ਕੇ ਤਿੰਨੇ ਲੋਕਾਂ ਅਰੁ ਤਿੰਨੋਂ ਕਾਲਾਂ ਅੰਦਰ ਵਰਤਣਹਾਰਾ ਸਮੂਹ ਬਿਰਤਾਂਤ ਅਪਣੇ ਅੰਦਰ ਹੀ ਦਿੱਸ ਆਯਾ ਕਰਦਾ ਹੈ।

ਸਬਦ ਸੁਰਤਿ ਲਿਵ ਗੁਰਮਤਿ ਕੋ ਪ੍ਰਗਾਸ ਅਕਥ ਕਥਾ ਬਿਨੋਦ ਅਲਖ ਲਖਾਏ ਹੈ ।

ਸ਼ਬਦ ਵਿਖੇ ਸੁਰਤ ਦੀ ਲਿਵ ਲਗਿਆਂ ਗੁਰਮਤਿ ਸਤਿਗੁਰਾਂ ਦੇ ਉਪਦੇਸ਼ ਦਾ ਇਸ ਫਲ ਬਾਂ ਛਿਤ ਅਵਸਥਾ ਦਾ ਪ੍ਰਗਾਸ ਪ੍ਰਗਟ ਹੋ ਪੈਂਦਾ ਹੈ। ਜਿਸ ਬਿਨੋਦ ਕੌਤੁਕ ਤਮਾਸ਼ੇ ਅੰਤਰੀਵੀ ਆਨੰਦ ਦੀ ਕਥਾ ਕਹਾਣੀ ਅਕਥ ਰੂਪ ਅਰਥਾਤ ਨਹੀਂ ਕਥਨ ਕੀਤੀ ਜਾ ਸਕਨ ਵਾਲੀ ਹੈ ਓਸ ਅਲਖ ਸਰੂਪ ਆਨੰਦ ਨੂੰ ਲਖਾ ਲੈਂਦਾ ਅਨੁਭਵ ਕਰ ਲੈਂਦਾ ਹੈ।

ਸਬਦ ਸੁਰਤਿ ਲਿਵ ਨਿਝਰ ਅਪਾਰ ਧਾਰ ਪ੍ਰੇਮ ਰਸ ਰਸਿਕ ਹੁਇ ਅਪੀਆ ਪੀਆਏ ਹੈ ।

ਸਬਦ ਵਿਖੇ ਸੁਰਤਿ ਦੀ ਲਿਵ ਲਗ ਆਇਆਂ ਨਿਰੰਤਰ ਝਰਣ ਹਾਰੀ ਅਪਾਰ ਧਾਰਾ ਝਰ ਔਂਦੀ ਸਰਨ ਲਗ ਪੈਂਦੀ ਹੈ ਜਿਸ ਦੇ ਪ੍ਰੇਮ ਰਸ ਦਾ ਰਸੀਆ ਹੋ ਕੇ ਅਪਿਅ ਮਾਸ ਦੀ ਰਸਨਾ ਆਦਿ ਦ੍ਵਾਰੇ ਨਾ ਪੀਤਾ ਜਾ ਸਕਨ ਵਾਲਾ ਦਿਬ੍ਯ ਅੰਮ੍ਰਿਤ ਪੀਣ ਨੂੰ ਪ੍ਰਾਪਤ ਹੋ ਜਾਂਦਾ ਹੈ।

ਸਬਦ ਸੁਰਤਿ ਲਿਵ ਸੋਹੰ ਸੋਹ ਅਜਪਾ ਜਾਪ ਸਹਜ ਸਮਾਧਿ ਸੁਖ ਸਾਗਰ ਸਮਾਏ ਹੈ ।੭੭।

ਉਹ ਸ਼ਬਦ ਜਿਸ ਵਿਚ ਸੁਰਤਿ ਦੀ ਲਿਵ ਲਗਾਇਆਂ ਪੂਰਨ ਅਨੁਭਵ ਪ੍ਰਾਪਤ ਹੋਯਾ ਕਰਦਾ ਹੈ, ਸੋਹੰ ਸੋ ਸੋਹੰ ਹੰਸਾ ਰੂਪ ਅਜਪਾ ਜਾਪ ਭਾਵ ਜੋ ਬਾਣੀ ਆਦਿ ਕਰ ਕੇ ਜਾਪ ਹੋ ਸਕਣੋਂ ਅਜਪਾ ਰੂਪ ਹੋਣ ਕਰ ਕੇ, ਨਹੀਂ ਜਪਿਆ ਜਾਣ ਵਾਲਾ ਹੈ, ਜਿਸ ਨੂੰ ਅਜਪ ਅਵਸਥਾ ਵਿਖੇ ੨੧੬੦੦ ਵਾ ੨੪੦੦੦ ਸ੍ਵਾਸਾਂ ਦ੍ਵਾਰਾ ਜਪਦਿਆਂ ਸਹਜ ਸਮਾਧਿ ਸੁਭਾਵਿਕੀ ਆਤਮਿਕ ਇਸਥਿਤੀ ਨੂੰ ਪ੍ਰਾਪਤ ਹੋ ਕੇ, ਗੁਰਮੁਖ ਸੁਖ ਸਾਗਰ ਸੁਖ ਸਮੁੰਦ੍ਰ ਪੂਰਨ ਬ੍ਰਹਮ ਪਰਮਾਤਮਾ ਵਿਖੇ ਸਮਾ ਜਾਂਦਾ ਅਭੇਦ ਹੋ ਜਾਯਾ ਕਰਦਾ ਹੈ ॥੭੭॥


Flag Counter