ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 439


ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ ।

ਪਥਿਕ ਪਾਂਧੀ ਰਾਹੀ ਨੂੰ ਤਾਂ ਰਾਹ ਪੁੱਛਦਾ ਹੈ; ਪਰ ਓਸ ਵਾਟੇ ਪੈਰ ਧਰਦਾ ਨਹੀਂ ਅਰਥਾਤ ਤੁਰਨ ਦਾ ਨਾਮ ਨਹੀਂ ਲੈਂਦਾ ਭਲਾ ਇਉਂ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪ੍ਰੀਤਮ ਦੇ ਦੇਸ ਪੁਜ੍ਯਾ ਜਾ ਸਕੇਗਾ।

ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ ।

ਏਕੂੰ ਹੀ ਵੈਦ ਹਕੀਮ ਨੂੰ ਤਾਂ ਦਵਾਈ ਦਰਮਲ ਬਾਬਤ ਪੁੱਛਦਾ ਹੈ ਕਿੰਤੂ ਅਉਖਧਿ ਦਵਾਈ ਸੰਜਮ ਪੱਥ ਪ੍ਰਹੇਜ਼ ਨਾਲ ਖਾਂਦਾ ਨਹੀਂ ਭਲਾ ਰੋਗ ਕੀਕੂੰ ਮਿਟੇ ਤੇ ਸਹਜ ਸੁਖ ਸੁਭਾਵਿਕੀ ਅਰੋਗਤਾ ਧੁਰਾਹੂੰ ਨਵੇਂ ਨਰੋਏਪਣੇ ਵਿਚ ਕੀਕੂੰ ਸਮਾਈ ਪਾਈ ਜਾ ਸਕੇ।

ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ ।

ਇਞੇ ਹੀ ਜੀਕੂੰ ਸੁਹਾਗਨੀ ਪਤਿਬ੍ਰਤਾ ਨੂੰ ਤਾਂ ਸੁਹਾਗ ਭਾਗ ਦੀਆਂ ਗੱਲਾਂ ਵਾ ਵਰਤਨ ਵਿਹਾਰ ਦੇ ਚੱਜ ਆਚਾਰ ਪੁਛਦੀ ਹੈ; ਕਿੰਤੂ ਕਰਮ ਕਰਤੂਤ ਹੈ ਦੁਹਾਗਨਾਂ ਬੁਰਿਆਰਾਂ ਵਾਲੀ ਅਤੇ ਰਿਦੇ ਅੰਦਰ ਵਸ ਰਿਹਾ ਹੈ ਬਿਭਚਾਰ ਪਰ ਪੁਰਖਾਂ ਨੂੰ ਰਮਣ ਵਾਲਾ ਕਾਰਾ ਭਲਾ ਪਤੀ ਦੀ ਸਿਹਜਾ ਉਪਰ ਕਿਸ ਤਰ੍ਹਾਂ ਬੁਲਾਈ ਸੱਦੀ ਜਾਵੇ।

ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ ।੪੩੯।

ਤਿਸੀ ਪ੍ਰਕਾਰ ਬਿਸਨੁ ਪਦਿਆਂ ਭਜਨਾਂ ਦੇ ਗਾਵਿਆਂ; ਸੁਣਿਆਂ; ਤਥਾ ਪ੍ਰਸਿੰਨ ਹੋ ਹੋ ਕੇ ਅਖੀਆਂ ਮੀਟਿਆਂ ਤਦੋਂ ਤੱਕ ਕਦੀ ਪਰਮ ਪਦ ਨਹੀਂ ਪ੍ਰਾਪਤ ਹੋ ਸਕਦਾ: ਜਦੋਂ ਤਕ ਕਿ ਗੁਰੂ ਮਹਾਰਾਜ ਦਾ ਉਪਦੇਸ਼ ਲੈ ਕੇ ਨਹੀਂ ਕਮਾਇਆ ਜਾਵੇਗਾ ॥੪੩੯॥