ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 156


ਜੈਸੇ ਜੈਸੇ ਰੰਗ ਸੰਗਿ ਮਿਲਤ ਸੇਤਾਂਬਰ ਹੁਇ ਤੈਸੇ ਤੈਸੇ ਰੰਗ ਅੰਗ ਅੰਗ ਲਪਟਾਇ ਹੈ ।

ਜਿਸ ਜਿਸ ਪ੍ਰਕਾਰ ਦੇ ਲਾਲ ਸਾਵੇ ਪੀਲੇ ਕਾਲੇ ਆਦਿ ਰੰਗਾਂ ਨਾਲ ਸੇਤ ਅੰਬਰ ਚਿੱਟਾ ਉੱਜਲਾ ਬਸਤਰ ਮਿਲਤ ਮੇਲ ਪਾਵੇ, ਤੇਹੋ ਤੇਹੋ ਜੇਹੇ ਰੰਗ ਨੂੰ ਹੀ ਅੰਗ ਅੰਗ ਲਪਟਾਇ ਅਪਣੀ ਤਾਰ ਤਾਰ ਵਿਚ ਲੀਨ ਜਜ਼ਬ ਕਰ ਕੇ ਹੁਇ ਹੈ ਬਣ ਜਾਂਦਾ ਹੈ ਓਸੇ ਹੀ ਰੰਗ ਦਾ।

ਭਗਵਤ ਕਥਾ ਅਰਪਨ ਕਉ ਧਾਰਨੀਕ ਲਿਖਤ ਕ੍ਰਿਤਾਸ ਪਤ੍ਰ ਬੰਧ ਮੋਖਦਾਇ ਹੈ ।

ਕ੍ਰਿਤਾਸ ਪਤ੍ਰ ਕਾਗਜ਼ ਦਾ ਪਤ੍ਰਾ ਮਹਾਂ ਅਪਵਿਤ੍ਰ ਗੰਦਾ ਮੰਨਿਆ ਹੈ, ਕ੍ਯੋਂਕਿ ਗਲੀਆਂ ਬਜਾਰਾਂ ਵਿਚ ਰੁਲਦੀਆਂ ਗਲੀਆਂ ਸੜੀਆਂ ਲੀਰਾਂ ਕਤੀਰਾਂ ਨੂੰ ਗਾਲ ਗਾਲ, ਕੁੱਟ ਕੁੱਟ ਅਰ ਦੱਬ ਦੱਬ ਕੇ ਤਯਾਰ ਕੀਤਾ ਜਾਂਦਾ ਹੈ ਸੋ ਐਸੇ ਗੰਦੇ ਮੰਦੇ ਕਾਗਜ਼ ਦੇ ਪਤ੍ਰਿਆਂ ਉਪਰ ਭਗਵਤ ਅਰਾਧਨ ਕਉ ਧਾਰਨੀਕ ਕਥਾ ਲਿਖਤ ਭਗਵੰਤ ਦੀ ਅਰਾਧਨਾ ਖਾਤਰ ਧਾਰਣ ਜੋਗ ਜੇ ਕਥਾ ਲਿਖੀ ਜਾਵੇ ਤਾਂ ਓਹੋ ਗੰਦਾ ਕਾਗਜ਼ ਸੰਸਾਰ ਦਿਆਂ ਬੰਧਨਾਂ ਤੋਂ ਮੁਕਤੀ ਦਾਤਾ ਬਣ ਪਿਆ ਕਰਦਾ ਹੈ।

ਸੀਤ ਗ੍ਰੀਖਮਾਦਿ ਬਰਖਾ ਤ੍ਰਿਬਿਧਿ ਬਰਖ ਮੈ ਨਿਸਿ ਦਿਨ ਹੋਇ ਲਘੁ ਦੀਰਘ ਦਿਖਾਇ ਹੈ ।

ਵਰ੍ਹੇ ਸਾਲ ਭਰ ਦੇ ਸਮੇਂ ਅੰਦਰ ਸਿਆਲਾ ਹੁਨਾਲਾ ਤੇ ਬਰਸਾਤ ਕਿਣਮਿਣੀ ਬਹਾਰ ਇਹ ਤਿੰਨ ਪ੍ਰਸਿੱਧ ਰੁੱਤਾਂ ਵਰਤਿਆ ਕਰਦੀਆਂ ਹਨ, ਜਿਨਾਂ ਰੁੱਤਾਂ ਦੇ ਨਾਲ ਸਬੰਧ ਪਾਏ ਰਾਤ ਦਿਨ ਛੋਟੇ ਤੇ ਵਡੇ ਹੋ ਦਿਖਾਇਆ ਕਰਦੇ ਹਨ।

ਤੈਸੇ ਚਿਤ ਚੰਚਲ ਚਪਲ ਪਉਨ ਗਉਨ ਗਤਿ ਸੰਗਮ ਸੁਗੰਧ ਬਿਰਗੰਧ ਪ੍ਰਗਟਾਇ ਹੈ ।੧੫੬।

ਅਤੇ ਇਸ ਭਾਂਤ ਪੌਣ ਦੇ ਗਉਨ ਆਕਾਸ਼ ਵਿਚ ਗਤਿ ਚਲਦਿਆਂ ਹੋਯਾਂ ਅਥਵਾ ਪਉਨ ਦੇ ਗਉਨ ਚਲਨ ਦੀ ਗਤਿ ਚਾਲ ਜਿਸ ਜਿਸ ਭਾਂਤ ਦੀ ਭਲੀ ਬੁਰੀ ਮਹਿਕ ਵਾਲੇ ਪਦਾਰਥ ਦੇ ਸੰਗਮ ਸਾਥ ਨਾਲ ਮੇਲ ਪਾਵੇ ਓਹੋ ਓਹੋ ਜੇਹੀ ਹੀ ਚੰਗੀ ਵਾ ਭੈੜੀ ਗੰਧ ਬਾਸਨਾ ਨੂੰ ਪ੍ਰਗਟਾਇਆ ਕਰਦੀ ਹੈ, ਤਿਸੇ ਪ੍ਰਕਾਰ ਹੀ ਚੰਚਲ ਚਿੱਤ ਦੀ ਚਪਲ ਚਲਾਯਮਾਨ ਦਸ਼ਾ ਦਾ ਸੁਭਾਵ ਸਮਝੋ ਕਿ ਜਿਸ ਜਿਸ ਭਾਂਤ ਦੇ ਸੁਭਾਵ ਵਾਲੇ ਭਲੇ ਬੁਰੇ ਪੁਰਖ ਵਾ ਪਦਾਰਥ ਦੀ ਸੰਗਤ ਨੂੰ ਪ੍ਰਾਪਤ ਹੋਵੇ ਓਹੋ ਓਹੋ ਜੇਹੀਆਂ ਵਾਸਨਾਂ, ਸੰਕਲਪਾਂ ਤਥਾ ਸੰਸਕਾਰਾਂ ਨੂੰ ਅਪਣੇ ਵਿਚੋਂ ਪ੍ਰਗਟ ਚਾਹ ਭਰਿਆ ਕਰਦਾ ਹੈ ॥੧੫੬॥


Flag Counter