ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 197


ਚਾਰ ਕੁੰਟ ਸਾਤ ਦੀਪ ਮੈ ਨ ਨਵ ਖੰਡ ਬਿਖੈ ਦਹਿ ਦਿਸ ਦੇਖੀਐ ਨ ਬਨ ਗ੍ਰਿਹ ਜਾਨੀਐ ।

ਪੂਰਬ, ਪਛਮ ਆਦਿ ਚਾਰ ਕੁੰਟਾਂ ਵਿਖੇ, ਜੰਬੂ ਸਾਲਮਲੀ, ਪੁਸ਼ਕਰ, ਸਿੰਗਲਾਦੀਪ ਆਦਿ ਸੱਤਾਂ ਦੀਪਾਂ ਵਿਖੇ ਇਲਾਬ੍ਰਤ, ਕੇਤੂਮਾਲ, ਹਰਬਰਖ਼, ਭਾਰਥ ਖੰਡ ਆਦਿ ਨੌਵਾਂ ਖੰਡਾਂ ਵਿਖੇ, ਤਥਾ ਨੈਰਿਤ, ਬਾਯਬ, ਈਸਾਨ, ਅਗਨੇ੍ਯ ਅਦਿ ਦਸਾਂ ਦਿਸ਼ਾਂ ਦਿਸਾਂਤਰਾਂ, ਵਿਖੇ; ਅਰੁ ਐਸਾ ਹੀ ਬਨ ਜੰਗਲ ਅਰੁ ਗ੍ਰਿਹ ਘਰ ਵਿਖੇ ਕਿਧਰੇ ਭੀ ਨਹੀਂ ਦੱਖਣ ਵਿਚ ਔਂਦਾ।

ਲੋਗ ਬੇਦ ਗਿਆਨ ਉਨਮਾਨ ਕੈ ਨ ਦੇਖਿਓ ਸੁਨਿਓ ਸੁਰਗ ਪਇਆਲ ਮ੍ਰਿਤ ਮੰਡਲ ਨ ਮਾਨੀਐ ।

ਲੋਕ ਰੀਤੀ ਅਨੁਸਾਰ ਤਥਾ ਬੇਦਿਕ ਗਿਆਨ ਬੇਦਾਂ ਦ੍ਵਾਰੇ ਗਿਆਨ ਹੁੰਦਾ ਹੈ ਜਿਸ ਆਚਾਰ ਦਾ ਓਸ ਅਨੁਸਾਰ ਪੂਰਾ ਪੂਰਾ ਵਰਤਨ ਵਾਲਿਆਂ ਵਿਖੇ ਭੀ ਉਨਮਾਨ ਕੈ ਅਨੁਮਾਨ ਕਰ ਕਰ ਕੇ ਸੋਚ ਸੋਚ ਵੀਚਾਰ ਵੀਚਾਰਦੇ ਤੱਕਨ ਦਾ ਜਤਨ ਕੀਤਿਆਂ ਨਹੀਂ ਦੇਖਣ ਸੁਨਣ ਵਿਚ ਆਯਾ, ਅਰੁ ਸੁਰਗ ਪਤਾਲ ਮਾਤਲੋਕ ਅੰਦਰ ਕਿਧਰੇ ਭੀ ਪਤਾਨਾ ਮਿਲਣ ਕਰ ਕੇ ਮੰਨਣ ਵਿਚ ਐਸਾ ਨਹੀਂ ਔਂਦਾ ਭਾਵ ਨਿਸਚਾ ਨਹੀਂ ਬੱਝਦਾ ਕਿ ਕਿਸੇ ਪ੍ਰਕਾਰ ਓਨਾਂ ਵਿਖੇ ਕਹਿਣ ਜੋਗ ਪ੍ਰਤਾਪ ਹੈ।

ਭੂਤ ਅਉ ਭਵਿਖ ਨ ਬਰਤਮਾਨ ਚਾਰੋ ਜੁਗ ਚਤੁਰ ਬਰਨ ਖਟ ਦਰਸ ਨ ਧਿਆਨੀਐ ।

ਪਿਛਲੇ ਸਮਿਆਂ ਵਿਚ ਭੀ ਐਸਾ ਹੋਯਾ ਕਦੀ ਧਿਆਨ ਅੰਦਰ ਨਹੀਂ ਔਂਦਾ, ਅਰੁ ਅਗੇ ਨੂੰ ਕਦੀ ਆਸ ਨਹੀਂ ਕੀਤੀ ਜਾ ਸਕਦੀ ਤਥਾ ਵਰਤਮਾਨ ਵਿਖੇ ਭੀ ਇਸ ਦਾ ਫੁਰਣਾ ਨਹੀਂ ਫੁਰਦਾ ਦਿਖਾਈ ਦਿੰਦਾ, ਇਹ ਕੀਹ ਚੌਹਾਂ ਜੁਗਾਂ ਅੰਦਰ ਚਾਰੋਂ ਬਰਨਾਂ ਤਥਾ ਛੀਆਂ ਦਰਸ਼ਨਾਂ ਵਿਖੇ ਹੀ ਕਿਤੇ ਭੀ ਐਸਾ ਪ੍ਰਤਾਪ ਵਰਤਦਾ ਖਿਆਲ ਵਿਚ ਨਹੀਂ ਔਂਦਾ।

ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਜੈਸੇ ਤੈਸੋ ਅਉਰ ਠਉਰ ਸੁਨੀਐ ਨ ਪਹਿਚਾਨੀਐ ।੧੯੭।

ਸਿਧਾਂਤ ਇਹ ਕਿ ਜੇਹੋ ਜੇਹਾ ਪ੍ਰਤਾਪ ਪ੍ਰਭਾਵਮਹੱਤ ਗੁਰ ਸਿੱਖ ਸੰਗਤ ਦੇ ਮਿਲਾਪ ਦਾ ਹੈ, ਤੇਹੋ ਜੇਹਾ ਹੋਰ ਕਿਸੇ ਭੀ ਟਿਕਾਣੇ ਨਾਹ ਸੁਣੀਂਦਾ ਹੈ ਤੇ ਨਾ ਹੀ ਪਛਾਣ ਵਿਚ ਕਿਤੇ ਔਂਦਾ ਹੈ ॥੧੯੭॥


Flag Counter