ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 326


ਸਫਲ ਬਿਰਖ ਫਲ ਦੇਤ ਜਿਉ ਪਾਖਾਨ ਮਾਰੇ ਸਿਰਿ ਕਰਵਤ ਸਹਿ ਗਹਿ ਪਾਰਿ ਪਾਰਿ ਹੈ ।

ਫਲਦਾਰ ਬਿਰਛ ਜਿਸ ਤਰ੍ਹਾਂ ਪਖਾਨ ਪੱਥਰ ਵੱਟਾ ਮਾਰਿਆਂ ਉਲਟ ਕੇ ਮਾਰਣ ਹਾਰੇ ਨੂੰ ਫਲ ਦਿੱਤਾ ਕਰਦਾ ਹੈ ਅਰਥਾਤ ਦੁਖ ਦੇਵੇ ਦਾ ਉਲਟਾ ਭਲਾ ਕਤ੍ਯਾ ਕਰਦਾ ਹੈ। ਤੇ ਨਾਲ ਹੀ ਫੇਰ ਇਹ ਬਿਰਛ ਸਿਰ ਉਪਰ ਕਰਵਤ ਆਰੇ ਦਾ ਚੀਰ ਸਹਾਰ ਕੇ ਚੀਰਣ ਵਾਲੇ ਦਾ ਓਸ ਦੇ ਸੰਗੀ ਆਦਿ ਮਨੁੱਖ ਮਾਤ੍ਰ ਨੂੰ ਹੀ ਗਹਿ ਲੈ ਕੇ ਅਪਣੇ ਉੱਤੇ ਵਾ ਬੇੜੀ ਰੂਪਹੋ ਆਪਣੇ ਅੰਦਰ ਸ੍ਵਾਰ ਕਰ ਕੇ ਪਾਰਿ ਨਦੀਓਂ ਲੰਘੌਂਦਾ ਤਾਰਦਾ ਹੋਯਾ ਪਾਰਿ ਪਰਲੇ ਕਿਨਾਰੇ ਤੇ ਪਾਰ ਕਰ ਦਿੰਦਾ ਹੈ।

ਸਾਗਰ ਮੈ ਕਾਢਿ ਮੁਖੁ ਫੋਰੀਅਤ ਸੀਪ ਕੇ ਜਿਉ ਦੇਤ ਮੁਕਤਾਹਲ ਅਵਗਿਆ ਨ ਬੀਚਾਰਿ ਹੈ ।

ਜਿਸ ਤਰ੍ਹਾਂ ਸਮੁੰਦ੍ਰ ਵਿਚੋਂ ਸਿੱਪ ਨੂੰ ਕੱਢਕੇ ਮਰਜੀਊੜਾ = ਟੋਭਾ ਮੂੰਹ ਉਸ ਦਾ ਫੋੜਦਾ ਹੈ, ਤੇ ਉਹ ਸਿੱਪ ਅਪਣੀ ਅਵਗਿਆ ਨਿਰਾਦਰ ਤਾੜਨਾ ਨੂੰ ਨਾ ਚਿਤਾਰ ਕੇ ਸਗੋਂ ਓਸ ਨੂੰ ਮੋਤੀ ਦੇ ਦਿੰਦਾ ਹੈ।

ਜੈਸੇ ਖਨਵਾਰਾ ਖਾਨਿ ਖਨਤ ਹਨਤ ਘਨ ਮਾਨਕ ਹੀਰਾ ਅਮੋਲ ਪਰਉਪਕਾਰ ਹੈ ।

ਜਿਸ ਤਰ੍ਹਾਂ ਖਨਵਾਰਾ ਖਾਣਾਂ ਪੁੱਟਨ ਵਾਲਾ ਖਾਣ ਨੂੰ ਪੁੱਟਦਾ ਹੋਯਾ ਘਨ ਹਨਤ ਵਦਾਨ ਤੇ ਵਦਾਨ ਮਾਰਦਾ ਹੈ, ਤੇ ਖਾਣ ਓਸ ਦੇ ਅਪਕਾਰ ਭੈੜਤਾਈ ਨੂੰ ਨਾ ਚਿਤਾਰ ਕੇ ਅਗੋਂ ਅਮੋਲਕ ਅਮੋਲਵੇਂ ਮਣੀਆਂ ਰਤਨ ਜ੍ਵਾਹਰ ਤੇ ਹੀਰਿਆਂ ਆਦਿ ਦਾ ਪ੍ਰਸਾਦ ਅਰਪ ਕੇ ਓਸ ਉਪਰ ਉਪਕਾਰ ਕਰਦਾ ਹੈ।

ਊਖ ਮੈ ਪਿਊਖ ਜਿਉ ਪ੍ਰਗਾਸ ਹੋਤ ਕੋਲੂ ਪਚੈ ਅਵਗੁਨ ਕੀਏ ਗੁਨ ਸਾਧਨ ਕੈ ਦੁਆਰ ਹੈ ।੩੨੬।

ਜਿਸ ਤਰ੍ਹਾਂ ਕੋਲੂ ਵਿਚ ਪਚੈ ਪੀੜਿਆਂ ਊਖ ਗੰਨੇ ਵਿਚੋਂ ਪਿਊਖ ਰਸ ਰਹੁ ਰੂਪ ਅੰਮ੍ਰਿਤ ਪਰਗਾਸ ਹੋਤ ਪ੍ਰਗਟ ਹੋਯਾ ਉਪਜਿਆ ਕਰਦਾ ਹੈ, ਇਸੇ ਤਰ੍ਹਾਂ ਹੀ ਔਗੁਣ ਕੀਤਿਆਂ ਗੁਣ ਕਰਨਾ ਬੁਰਾ ਕਰਨ ਵਾਲੇ ਦਾ ਭਲਾ ਕਰਨਾ ਸਾਧਾਂ ਗੁਰੂ ਕਿਆਂ ਸਿੱਖਾਂ ਸੰਤਾਂ ਦੇ ਦੁਆਰੇ ਸਾਧ ਸੰਗਤਿ ਵਿਖੇ ਹੀ ਪਾਇਆ ਜਾਂਦਾ ਹੈ ॥੩੨੬॥


Flag Counter