ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 30


ਗ੍ਰਿਹ ਮਹਿ ਗ੍ਰਿਹਸਤੀ ਹੁਇ ਪਾਇਓ ਨ ਸਹਜ ਘਰਿ ਬਨਿ ਬਨਵਾਸ ਨ ਉਦਾਸ ਡਲ ਪਾਇਓ ਹੈ ।

ਗ੍ਰਹਿ ਧਰਮ ਦੀ ਪਾਲਨਾ ਕਰਣ ਹਾਰੇ ਗ੍ਰਿਹ ਮਹਿ ਘਰਾਂ ਵਿਚ ਕਈ ਗ੍ਰਹਿ ਧਰਮੀ ਗ੍ਰਹਸਥੀ ਤਾਂ ਹੋਏ ਪਰ ਸਹਜ ਘਰ ਦੀ ਪ੍ਰਾਪਤੀ ਨਾ ਹੋਈ ਭਾਵ ਜਿਸ ਅਗੰਮ ਪੁਰੇ ਨੂੰ ਗਗਨ ਸ਼ਬਦ ਰਾਹੀਂ ਉਪਰ ਕਥਨ ਕੀਤਾ ਹੈ ਅਰੁ ਜਿਹੜਾ ਜੀਵ ਦੇ ਦਸਮ ਦ੍ਵਾਰ ਨੂੰ ਭੇਦਨ ਕਰ ਕੇ ਸਰੀਰ ਅੰਦਰ ਪ੍ਰਵੇਸ਼ ਕਰਦਿਆਂ ਅੰਤ੍ਰਯਾਮੀ ਅਕਾਲ ਪੁਰਖ ਨੇ ਸਾਥ ਹੀ ਉਸ ਸਮੇਂ ਆਪਣਾ ਨਿਵਾਸ ਅਸਥਾਨ ਥਾਪਿਆ ਸੀ, ਉਹ ਸਹਜ ਘਰ ਨਾ ਪਾਇਆ ਤਾਂ ਕੀਹ ਗ੍ਰਹਸਥੀ ਹੋਏ? ਅਰੁ ਐਸਾ ਹੀ ਬਨ ਉਜਾੜ ਬੀਆਬਾਨ ਵਿਖੇ ਵੱਸਨ ਵਾਲਿਆਂ ਹੋ ਕੇ ਭਾਵ ਬਨਵਾਸੀ ਬਣ ਕੇ ਉਦਾਸੀ ਧਾਰੇ ਦਾ ਫਲ ਉਤ +ਆਸ ਉੱਚੀ ਆਸਾ ਦਾ ਫਲ ਰੂਪ ਸਮੂਹ ਆਸਾਂ ਉਮੈਦਾਂ ਤੋਂ ਉਚੀ ਆਸ਼ਾ ਮੋਖ ਦੀ ਆਸਾ ਦਾ ਫਲ ਰੂਪ ਬ੍ਰਹਮ ਗਿਆਨ ਨਹੀਂ ਪ੍ਰਾਪਤ ਕੀਤਾ।

ਪੜਿ ਪੜਿ ਪੰਡਿਤ ਨ ਅਕਥ ਕਥਾ ਬਿਚਾਰੀ ਸਿਧਾਸਨ ਕੈ ਨ ਨਿਜ ਆਸਨ ਦਿੜਾਇਓ ਹੈ ।

ਪੜ੍ਹਿ ਪੜ੍ਹਿ ਕੇ ਬੜੇ ਪੰਡਤ ਬਣ ਗਏ ਪ੍ਰੰਤੂ ਅਕਥ ਕਥਾ ਬਾਣੀ ਦੀ ਗੰਮਤਾ ਤੋਂ ਪਾਰ ਹੈ ਜਿਸ ਕਥਾ ਦਾ ਕਥਨਾ ਉਸ ਸਿਧਾਂਤ ਨੂੰ ਨਾ ਵਿਚਾਰਿਆ ਅਤੇ ਇਞੇਂ ਹੀ ਸਿੱਧਾਂ ਵਾਲੇ ਆਸਨ ਕੀਤੇ ਯਾ ਸਿੱਧੀਆਂ ਪ੍ਰਾਪਤ ਕਰਨ ਵਾਲੀ ਇਸਥਿਤੀ ਸਾਧੀ, ਪਰ ਨਿਜ ਆਸਨ ਆਤਮ ਪਦ ਵਿਖੇ ਇਸਥਿਤੀ ਦ੍ਰਿੜ ਪ੍ਰਪੱਕ ਨਾ ਕੀਤੀ।

ਜੋਗ ਧਿਆਨ ਧਾਰਨ ਕੈ ਨਾਥਨ ਦੇਖੇ ਨ ਨਾਥ ਜਗਿ ਭੋਗ ਪੂਜਾ ਕੈ ਨ ਅਗਹੁ ਗਹਾਇਓ ਹੈ ।

ਧਾਰਣਾ ਅੰਦਰ ਖਾਸ ਖਾਸ ਸੁਰਤ ਦੇ ਟਿਕੌਣ ਵਾਲਿਆਂ ਟਿਕਾਣਿਆਂ ਉਪਰ ਧਾਰਣਾ ਕਰ ਕਰ ਕੇ ਜੋਗ ਜੋੜਨ ਵਾਲੇ ਧਿਆਨ ਭੀ ਨਾਥਾਂ ਨੇ ਸਿੱਧ ਕੀਤੇ ਪਰ ਨਾਥ ਮਾਲਕ ਤ੍ਰਿਲੋਕੀ ਦਾ ਦ੍ਰਿਸ਼੍ਟ ਨਾ ਹੀ ਆਯਾ ਅਤੇ ਇਸੇ ਪ੍ਰਕਾਰ ਯਗ੍ਯ ਦੇਵਤਿਆਂ ਪ੍ਰਥਾਇ ਹੋਮ ਕਰ ਕਰ ਕੇ, ਵਾ ਭੋਗ ਬ੍ਰਹਮ ਭੋਜ ਆਦਿ ਕਰ ਕੇ ਅਥਵਾ ਦੇਵਤਾ ਪੂਜਨ ਠਾਕਰ ਪੂਜਾ ਆਦਿਕਰ ਕਰ ਕੇ ਅਗਹੁ = ਨਾ ਗ੍ਰਹਿਣ ਕੀਤਾ ਜਾਣ ਵਾਲਾ ਪਕੜ ਵਿਚ ਔਂਣੋਂ ਬਾਹਰਾ ਬੁਧੀ ਆਦਿ ਦੇ ਗਿਆਨ ਤੋਂ ਪਰ ਬਾਹਰ ਨਾ ਗ੍ਰਹਿਣ ਹੋ ਸਕਿਆ ਕਿਸੇ ਪ੍ਰਕਾਰ ਭੀ ਐਉਂ ਨਾ ਜਾਨਿਆ ਜਾ ਸਕਿਆ।

ਦੇਵੀ ਦੇਵ ਸੇਵ ਕੈ ਨ ਅਹੰਮੇਵ ਟੇਵ ਟਾਰੀ ਅਲਖ ਅਭੇਵ ਗੁਰਦੇਵ ਸਮਝਾਇਓ ਹੈ ।੩੦।

ਦੇਵੀਆਂ ਦੇਵਤਿਆਂ ਦੇ ਭੀ ਭਗਤ ਬਣ ਬਣ ਕੇ ਸੇਵਾ ਅਰਾਧਨਾ ਕੀਤੀ ਪ੍ਰੰਤੂ ਅਹਮੇਵ ਮੈਂ ਹੀ ਹਾਂ ਐਸੀ ਆਪਣੇ ਆਪ ਨੂੰ ਤੀਸ ਮਾਰ ਖਾਂ ਮੰਨਣ ਵਾਲੀ ਕੁਬੁਧੀ ਦੀ ਟੇਵ ਖੋਟੀ ਬਾਣ ਨਾ ਹੀ ਟਾਰੀ, ਟਾਲੀ ਜਾ ਸਕੀ। ਤਾਤਪ੍ਰਯ ਕੀਹ ਕਿ ਅਜੇਹੇ ਅਜੇਹੇ ਸਮੂੰਹ ਸਾਧਨਾਂ ਨੂੰ ਸਾਧ ਸਾਧ ਕੇ ਜਫਰ ਜਾਲ ਕੇ ਜਿਸ ਦੇ ਮਰਮ ਨੂੰ ਸਮਝਨ ਬੁਝਨ ਵਾਸਤੇ ਅਨਗਿਣਤ ਲੋਕ ਹਾਰ ਥੱਕੇ, ਓਸ ਅਲਖ ਤੋਂ ਪਾਰ ਅਰੁ ਅਭੇਵ = ਆਪਣਾ ਮਰਮ ਜਨੌਣੋ ਅਗੰਮ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਕਾਸ਼ ਰੂਪ ਸਤਿਗੁਰਾਂ ਨੇ ਅਸਾਨੂੰ ਯਥਾਵਤ ਸਮਝਾ ਦਿੱਤਾ ਸਾਖਿਆਤ ਕਰਾ ਦਿੱਤਾ ਹੈ ॥੩੦॥


Flag Counter