ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 238


ਕਪਟ ਸਨੇਹ ਜੈਸੇ ਢੋਕਲੀ ਨਿਵਾਵੈ ਸੀਸੁ ਤਾ ਕੈ ਬਸਿ ਹੋਇ ਜਲੁ ਬੰਧਨ ਮੈ ਆਵਈ ।

ਦੇਖੋ! ਜਿਸ ਤਰ੍ਹਾਂ ਚਿੱਤ ਅੰਦਰ ਕਪਟ ਦਾ ਪਿਆਰ ਧਾਰ ਕੇ ਢੀਂਗਲੀ ਪਾਣੀ ਵੱਲ ਸਿਰ ਨੂੰ ਝੁਕਾਯਾ ਕਰਦੀ ਹੈ। ਤੇ ਪਾਣੀ ਓਸ ਦਾ ਸ੍ਵਾਗਤ ਆਉ ਭਗਤ ਕਰਨ ਲਗਾ ਹੀ ਓਸ ਦੇ ਧੋਖੇ ਅਧੀਨ ਹੋ ਡੋਲ ਦੇ ਬੰਨਣ ਵਿਚ ਪੈ ਜਾਯਾ ਕਰਦਾ ਹੈ। ਭਾਵ ਭੈੜੀ ਅਸਗਾਹ ਸੋਮੇ ਦੀ ਸੰਗਤ ਵਿਚ ਜਾ ਕੇ ਭੀ ਅਪ੍ਰਾਧ ਹੀ ਕਮੌਂਦੀ ਹੈ।

ਡਾਰਿ ਦੇਤ ਖੇਤ ਹੁਇ ਪ੍ਰਫੁਲਿਤ ਸਫਲ ਤਾ ਤੇ ਆਪਿ ਨਿਹਫਲ ਪਾਛੇ ਬੋਝ ਉਕਤਾਵਈ ।

ਇਥੇ ਹੀ ਉਹ ਢੀਂਗਲੀ ਬਸ ਨਹੀਂ ਕਰਦੀ, ਉਸ ਪਾਣੀ ਨਾਲ ਭਰਪੂਰ ਹੋ ਕੇ ਭੀ ਫੇਰ ਓਸ ਪਾਣੀ ਨੂੰ ਬਾਹਰ ਖੇਤ ਵਿਚ ਸੁੱਟ ਮਾਰਦੀ ਹੈ ਉਹ ਭਲੇ ਸੁਭਾਵ ਕਾਰਣ ਤਾਂ ਤੇ ਤਿਸ ਤੋਂ ਨਿਰਾਦਰ ਪਾ ਕੇ ਭੀ ਅਪਣੇ ਨਾਲ ਓਸ ਖੇਤ ਨੂੰ ਪ੍ਰਫੁਲਤਿ ਹਰਿਆ ਭਰਿਆ ਤੇ ਸਫਲਾ ਬਣਾ ਦਿੰਦਾ ਹੈ। ਤੇ ਢਿੰਗਲੀ ਭੈੜੀ ਪਿਛੋਂ ਨਿਹਫਲ ਛੂਛੀ ਰਹਿ ਕੇ ਬੋਝ ਹੀ ਚੁਕਨ ਜੋਗੀ ਰਹਿ ਜਾਇਆ ਕਰਦੀ ਹੈ।

ਅਰਧ ਉਰਧ ਹੁਇ ਅਨੁਕ੍ਰਮ ਕੈ ਪਰਉਪਕਾਰ ਅਉ ਬਿਕਾਰ ਨ ਮਿਟਾਵਈ ।

ਅਨੁਕ੍ਰਮ ਆਨੁਪੂਰਬ ਪਹਿਲੀ ਵਾਕੂੰ ਹੀ ਮੁੜ ਮੁੜ ਯਥਾਕ੍ਰਮ ਉਪ੍ਰੋਥਲੀ ਹੇਠਾਂ ਉਤਾਹਾਂ ਦੇ ਗੇੜਾਂ ਵਿਚ ਜਲ ਵਿਚਾਰਾ ਤਾਂ ਪਰਉਪਕਾਰ ਵਾਲੇ ਸੁਭਾਵ ਨੂੰ ਨਹੀਂ ਤਿਆਗਿਆ ਕਰਦਾ,ਤੇ ਢੀਂਗਲੀ ਉਪ੍ਰੋਥਲੀ ਅਬਿਕਾਰ ਅਪਕਾਰ ਵਾਲੀ ਭੈੜੀ ਕਾਰ ਭੈੜ ਚਾਲੀ ਨਹੀਂ ਛਡਿਆ ਕਰਦੀ।

ਤੈਸੇ ਹੀ ਅਸਾਧ ਸਾਧ ਸੰਗਤਿ ਸੁਭਾਵ ਗਤਿ ਗੁਰਮਤਿ ਦੁਰਮਤਿ ਸੁਖ ਦੁਖ ਪਾਵਈ ।੨੩੮।

ਇਸੇ ਤਰ੍ਹਾਂ ਨਾਲ ਹੀ ਅਸਾਧ ਅਪਣੇ ਸੁਭਾਵ ਦੀ ਗਤੀ ਦਸ਼ਾ ਹਾਲਤ ਅਨੁਸਾਰ ਸੰਗਤਿ ਵਿਚੋਂ ਦੁਰਮਤਿ ਦੇ ਪਿਆਰਣ ਕਾਰਣ ਦੁਖ ਪੌਂਦੇ ਹਨ, ਅਤੇ ਸਾਧ ਆਪਣੇ ਸ੍ਰੇਸ਼ਟ ਸੁਭਾਵ ਮੂਜਬ ਹੀ ਸੰਗਤਿ ਵਿਚੋਂ ਗੁਰਮਤਿ ਗ੍ਰਹਿਣ ਕਰਨ ਕਰ ਕੇ ਸੁਖ ਪ੍ਰਾਪਤ ਕਰਦੇ ਹਨ ॥੨੩੮॥


Flag Counter