ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 310


ਜੈਸੇ ਬੋਝ ਭਰੀ ਨਾਵ ਆਂਗੁਰੀ ਦੁਇ ਬਾਹਰਿ ਹੁਇ ਪਾਰ ਪਰੈ ਪੂਰ ਸਬੈ ਕੁਸਲ ਬਿਹਾਤ ਹੈ ।

ਜਿਸ ਭਾਂਤ ਭਾਰ ਨਾਲ ਪੂਰੀ ਹੋਈ ਬੇੜੀ, ਕੇਵਲ ਦੋ ਉਂਗਲੀਆਂ ਮਾਤ੍ਰ ਹੀ ਪਾਣੀਓਂ ਬਾਹਰ ਹੋਕ ਪਾਰਿ ਪਰੈ ਪਾਰ ਹੋ ਜਾਇਆ ਕਰਦੀ ਹੈ ਤੇ ਸਾਰੇ ਪੂਰ ਮਨੁੱਖਾਂ ਤੇ ਮਾਲ ਨਾਲ ਕੁਸਲਾ ਭਲੀ ਬੀਤਦੀ ਹੈ। ਭਾਵ ਇਹ ਕਿ ਜੇ ਉਹ ਦੋ ਉਂਗਲੀਆਂ ਬਾਹਰ ਨਾ ਹੁੰਦੀ ਤਾਂ ਪੂਰ ਦਾ ਪੂਰ ਹੀ ਗਰਕ ਜਾਂਦਾ ਤੇ ਖੈਰ ਨਾ ਗੁਜਰਦੀ। ਇਸੇ ਤਰ੍ਹਾਂ ਘੜੀ ਦੋ ਘੜੀਆਂ ਕਾਰਾਂ ਵਿਹਾਰਾਂ ਵਿਚੋਂ ਇਕੱਲਵੰਜੇ ਹੋ ਸਤਸੰਗ ਨਾ ਕਰੇ ਤਾਂ ਆਦਮੀ ਲਈ ਭੀ ਕਲ੍ਯਾਣ ਨਹੀਂ ਹੋ ਸਕਦੀ।

ਜੈਸੇ ਏਕਾਹਾਰੀ ਏਕ ਘਰੀ ਪਾਕਸਾਲਾ ਬੈਠਿ ਭੋਜਨ ਕੈ ਬਿੰਜਨ ਸ੍ਵਾਦਿ ਕੇ ਅਘਾਤ ਹੈ ।

ਇਸੇ ਭਾਂਤ ਜੀਕੂੰ ਇੱਕੋ ਸਮੇਂ ਭੋਜਨ ਕਰਨ ਵਾਲਾ ਪੁਰਖ ਇਕ ਘੜੀ ਭਰ ਲਈ ਕੰਮਾਂ ਧੰਦਿਆਂ ਤੋਂ ਲਾਂਭੇ ਹੋ ਕੇ ਰਸੋਈ ਲੰਗਰ ਅੰਦਰ ਬੈਠ ਸ੍ਵਾਦੀਕ ਪਦਾਰਥਾਂ ਨੂੰ ਛਕ ਕੇ ਰੱਜ ਲਿਆ ਕਰਦਾ ਹੈ। ਏਕੂੰ ਹੀ ਘੜੀ ਭਰ ਸਭ ਕੰਮ ਵਿਸਾਰ ਕੇ ਸਤਿਸੰਗ ਕਰਨ ਵਾਲੇ ਨੂੰ ਭੀ ਆਨੰਦ ਪ੍ਰਾਪਤ ਹੋ ਜਾਇਆ ਕਰਦਾ ਹੈ।

ਜੈਸੇ ਰਾਜ ਦੁਆਰ ਜਾਇ ਕਰਤ ਜੁਹਾਰ ਜਨ ਏਕ ਘਰੀ ਪਾਛੈ ਦੇਸ ਭੋਗਤਾ ਹੁਇ ਖਾਤ ਹੈ ।

ਜਿਸ ਤਰ੍ਹਾਂ ਰਾਜ ਦਰਬਾਰ ਵਿਖੇ ਆਦਮੀ ਜਾਇਕੇ ਮਹਾਰਾਜ ਨੂੰ ਇਕ ਘੜੀ ਡੰਡਵਤ ਪ੍ਰਣਾਮ ਕਰ ਆਵੇ ਅਰਥਾਤ ਹਾਜਰੀ ਦਾ ਮੁਜਰਾ ਭਰ ਆਵੇ, ਤਾਂ ਪਿਛੋਂ ਦੇਸ ਭੋਗਤਾ ਜਾਗੀਰਦਾਰ ਬਣ ਕੇ ਪਿਆ ਖਾਇਆ ਆਨੰਦ ਮਾਣਿਆ ਕਰਦਾ ਹੈ ਐਸਾ ਹੀ ਟੀਚੇ ਸਿਰ ਘੜੀ ਭਰ ਸਤਿਸੰਗ ਹਾਰੇ ਨੂੰ ਲਾਭ ਹੋਯਾ ਕਰਦਾ ਹੈ।

ਆਠ ਹੀ ਪਹਰ ਸਾਠਿ ਘਰੀ ਮੈ ਜਉ ਏਕ ਘਰੀ ਸਾਧ ਸਮਾਗਮੁ ਕਰੈ ਨਿਜ ਘਰ ਜਾਤ ਹੈ ।੩੧੦।

ਤਾਂ ਤੇ ਅਠਾਂ ਪਹਿਰਾਂ ਦੀਆਂ ਸੱਠਾਂ ਘੜੀਆਂ ਵਿਚੋਂ ਜੇਕਰ ਇਕ ਘੜੀ ਭਰ ਸਾਧ ਸਮਾਗਮੁ ਸੰਤ ਜਨਾਂ ਦੀ ਸੰਗਤਿ ਮਨੁੱਖ ਕਰੇ ਤਾਂ ਨਿਜ ਘਰ ਆਤਮ ਪਦ ਨੂੰ ਪ੍ਰਾਪਤ ਹੋ ਜਾਇਆ ਕਰਦਾ ਹੈ। ਭਾਵ ਜਿਸ ਅਬਿਨਾਸ਼ੀ ਪਦਵੀ ਤੋਂ ਡਿਗਕੇ ਇਹ ਸੰਸਾਰ ਵਿਚ ਜੀਵ ਬਣਿਆ ਧੱਕੇ ਖਾ ਰਿਹਾ ਹੈ। ਇਥੋਂ ਛੁੱਟ ਕੇ ਮੁੜ ਓਸੇ ਸੱਚੀ ਪਦਵੀ ਬ੍ਰਹਮ ਭਾਵੀ ਮਹਮਾ ਨੂੰ ਪ੍ਰਾਪਤ ਹੋ ਜਾਵੇਗਾ ॥੩੧੦॥


Flag Counter