ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 293


ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਅੰਗ ਅੰਗ ਬਿਸਮ ਸ੍ਰਬੰਗ ਮੈ ਸਮਾਨੇ ਹੈ ।

ਜਿਹੜੇ ਪੁਰਖ ਗੁਰ ਸਿੱਖ ਸੰਧੀ ਵਿਚ ਜੁੜ ਕੇ ਸਤਿਗੁਰਾਂ ਦੇ ਚਰਣ ਕਮਲਾਂ ਦੀ ਮਕਰੰਦ ਰਜ ਦੇ ਰਸ ਸੁਆਦ ਦੇ ਲੋਭੀ ਪ੍ਰੇਮੀ ਬਣ ਜਾਂਦੇ ਹਨ, ਉਹ ਅੰਗ ਅੰਗਾਂ ਦੀ ਅਧਾਰ ਹਰ ਸਮੇਂ ਦੀ ਸਾਥਨ ਤੇ ਪਿਆਰ ਦੀ ਪਾਤ੍ਰ ਦੇਹ ਨੂੰ ਅੰਗ ਭਲੀ ਪ੍ਰਕਾਰ ਜਾਚ ਜਾਚ ਵਾ ਬਿਬੇਕ ਕਰ ਕਰ ਕੇ ਬਿਸਮ ਅਚਰਜਤਾ ਨੂੰ ਪ੍ਰਾਪਤ ਹੋ ਕਿ ਕਿਸ ਪ੍ਰਕਾਰ ਮਲ ਮੂਤ੍ਰ ਤਥਾ ਦੁਰਗੰਧਤਾ ਦੇ ਸਥਾਨ ਰੂਪ ਇਸ ਦੇਹ ਵਿਚ ਆਪਾ ਠਾਨ ਰਖਿਆ ਹੈ, ਇਸ ਦੇ ਅਧ੍ਯਾਸ ਨੂੰ ਤਿਆਗ ਦਿੰਦੇ ਹਨ ਤੇ ਸਰਬੰਗ ਮੈ ਸਰਬ ਸਰੂਪੀ ਪਰਮਾਤਮਾ ਵਿਖੇ ਸਮਾਨੇ ਲੀਨ ਹੋ ਜਾਂਦੇ ਹਨ ਅਥਵਾ ਚਰਣ ਕਮਲਾਂ ਦੀ ਧੂਲੀ ਦੇ ਪ੍ਰੇਮੀ ਹੋ ਕੇ ਇਸ ਦੇ ਮਹਾਨ ਪ੍ਰਭਾਵ ਨੂੰ ਅੰਗ ਅੰਗ = ਜਾਚ ਜਾਚ ਪਰਖ ਪਰਖ ਅਨੁਭਵ ਕਰ ਕੇ ਅਚਰਜਤਾ ਨੂੰ ਪ੍ਰਾਪਤ ਹੋਏ ਸਰਬੰਗ ਸਰੂਪੀ ਪਰਮਾਤਮਾ ਵਿਖੇ ਸਮਾ ਜਾਂਦੇ ਹਨ।

ਦ੍ਰਿਸਟਿ ਦਰਸ ਲਿਵ ਦੀਪਕ ਪਤੰਗ ਸੰਗ ਸਬਦ ਸੁਰਤਿ ਮ੍ਰਿਗ ਨਾਦ ਹੁਇ ਹਿਰਨੇ ਹੈ ।

ਜਿਸ ਤਰ੍ਹਾਂ ਦੀਵੇ ਦੀ ਲਾਟ ਦੀ ਸੰਗਤ ਪਾ ਕੇ ਪਤੰਗਾ ਆਪ੍ਯੋਂ ਖੇਡ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਦੇ ਦਰਸ਼ਨ ਵਿਖੇ ਨੇਤ੍ਰਾਂ ਦੀ ਲਿਵ ਤਾਰ ਬੰਨ੍ਹ ਕੇ ਗੁਰਮੁਖ ਹਿਰਾਨੇ = ਆਪੇ ਨੂੰ ਗੁਵਾ ਸਿੱਟਦਾ ਹੈ। ਜੀਕੂੰ ਹਰਣ ਨਾਦ ਨੂੰ ਸੁਨਣ ਮਾਤ੍ਰ ਤੇ ਹਿਰਾਨੇ ਅਪੇ ਦੀ ਸੁਧ ਭੁਲਾ ਦਿੰਦਾ ਹੈ, ਤੀਕੂੰ ਹੀ ਸਤਿਗੁਰੂ ਦਾ ਸ਼ਬਦ ਉਪਦੇਸ਼ ਵਾ ਬਚਨ ਬਿਲਾਸ ਸੁਣਨ ਵਿਖੇ ਮਗਨ ਹੋ ਗੁਰਮੁਖ ਆਪੇ ਤੋਂ ਖੇਡ ਜਾਂਦਾ ਹੈ।

ਕਾਮ ਨਿਹਕਾਮ ਕ੍ਰੋਧਾਕ੍ਰੋਧ ਨਿਰਲੋਭ ਲੋਭ ਮੋਹ ਨਿਰਮੋਹ ਅਹੰਮੇਵ ਹੂ ਲਜਾਨੇ ਹੈ ।

ਅਰਥਾਤ ਉਹ ਕਾਮਨਾ ਵੱਲੋਂ ਨਿਸ਼ਕਾਮ ਹੋ ਜਾਂਦਾ ਹੈ, ਤੇ ਕ੍ਰੋਧ ਉਸ ਦੇ ਅੰਦਰ ਅਕ੍ਰੋਧ ਰੂਪ ਤਥਾ ਲੋਭ ਨਿਰਲੋਭ ਸਰੂਪ ਅਰੁ ਮੋਹ ਨਿਰਮੋਹ ਰੂਪ ਹੋ ਜਾਂਦੇ ਹਨ, ਤੇ ਕ੍ਰੋਧ ਉਸ ਦੇ ਅੰਦਰ ਅਕ੍ਰੋਧ ਰੂਪ ਤਥਾ ਲੋਭ ਨਿਰਲੋਭ ਸਰੂਪ ਅਰੁ ਮੋਹ ਨਿਰਮੋਹ ਰੂਪ ਹੋ ਜਾਂਦੇ ਹਨ ਅਤੇ ਹਉਮੈ ਹੰਕਾਰ ਭੀ ਮਾਤ ਪੈ ਲੱਜਾ ਭਾਵ ਨੂੰ ਪ੍ਰਾਪਤ ਹੋ ਜਾਇਆ ਕਰਦਾ ਹੈ। ਭਾਵ ਇਉਂ ਆਪੇ ਤੋਂ ਖੇਡ ਜਾਂਦਾ ਹੈ।

ਬਿਸਮੈ ਬਿਸਮ ਅਸਚਰਜੈ ਅਸਚਰਜ ਮੈ ਅਦਭੁਤ ਪਰਮਦਭੁਤ ਅਸਥਾਨੇ ਹੈ ।੨੯੩।

ਬਿਸਮਾਦ ਸਰੂਪਾ ਹਰਾਨੀ ਦਾ ਭੀ ਹਰਾਨੀ ਰੂਪ, ਤਥਾ ਅਸਚਰਜਤਾ ਦਾ ਅਸਚਰਜ ਰੂਪ, ਅਰੁ ਐਸਾ ਹੀ ਅਦਭੁਤਤਾਈ ਵਿਚਿਤ੍ਰਤਾ ਦਾ ਭੀ ਜੋ ਪਰਮ ਵਿਚਿਤ੍ਰ ਸਰੂਪ ਦੈਵੀ ਪ੍ਰਕਾਸ਼ ਹੈ ਉਸ ਰੱਬੀ ਜਲਵੇ ਦਦਾਰੇ ਵਿਖੇ ਅਸਥਾਨੇ ਇਸਥਿਤੀ ਨੂੰ ਪ੍ਰਾਪਤ ਹੋਇਆ ਟਿਕਿਆ ਰਹਿੰਦਾ ਹੈ ॥੨੯੩॥


Flag Counter