ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 66


ਸਕਲ ਸੁਗੰਧਤਾ ਮਿਲਤ ਅਰਗਜਾ ਹੋਤ ਕੋਟਿ ਅਰਗਜਾ ਮਿਲਿ ਬਿਸਮ ਸੁਬਾਸ ਕੈ ।

ਸਕਲ ਸੁਗੰਧਿਤਾ ਸਭ ਭਾਂਤ ਦੀਆਂ ਸੁਗੰਧੀਆਂ ਕਸਤੂਰੀ, ਚੰਦਨ, ਮੁਸ਼ਕਬਿਲਾਈ, ਗੋਰੋਚਨ ਅਰੁ ਕੇਸਰ ਕਪੂਰ ਆਦਿ ਇਕੱਠੀਆਂ ਹੋਣ ਮਿਲਣ ਤਾਂ ਅਰਗਜਾ ਅਬੀਰ ਨਾਮ ਵਾਲੀ ਇਕ ਅਨੋਖੀ ਸੁਗੰਧੀ ਪ੍ਰਗਟਿਆ ਕਰਦੀ ਹੈ। ਐਹੋ ਜੇਹੇ ਕ੍ਰੋੜਾਂ ਹੀ ਅਰਗਜੇ ਇਕੱਠੇ ਹੋ ਕੇ, ਜਿਸ ਭਾਂਤ ਦੀ ਕੋਈ ਪਰਮ ਅਨੋਖੀ ਸੁਗੰਧੀ ਉਤਪੰਨ ਹੋਵੇ ਉਹ ਭੀ ਗੁਰਮੁਖ ਦੇ ਅੰਦਰ ਖਿੜੀ ਹੋਈ ਸੁਬਾਸ ਕੈ ਅਨਭਉ ਦੀ ਮਹਿਕਾਰ ਤੋਂ ਬਿਸਮ ਭੌਚਕ ਪ੍ਰੇਸ਼ਾਨੀ ਵਿਖੇ ਹੋ ਪਿਆ ਕਰਦੀ ਹੈ।

ਸਕਲ ਅਨੂਪ ਰੂਪ ਕਮਲ ਬਿਖੈ ਸਮਾਤ ਹੇਰਤ ਹਿਰਾਤ ਕੋਟਿ ਕਮਲਾ ਪ੍ਰਗਾਸ ਕੈ ।

ਸਾਰੇ ਹੀ ਅਨੂਪ ਰੂਪ ਕਮਲ ਕਮਲਾ ਲਛਮੀ ਵਿਖੇ ਸਮਾਏ ਰਹਿੰਦੇ ਹਨ, ਪਰ ਐਸੀਆਂ ਕ੍ਰੋੜਾਂ ਕਮਲਾ ਲਛਮੀਆਂ ਗੁਰਮੁਖ ਦੇ ਪ੍ਰਗਾਸ ਪ੍ਰਾਕ੍ਰਮ ਤੇਜ ਨੂੰ ਹੇਰਤ ਹਿਰਾਤ ਤਕਦੇ ਸਾਰ ਹੀ ਮਾਤ ਪੈ ਜਾਂਦੀਆਂ ਹਨ।

ਸਰਬ ਨਿਧਾਨ ਮਿਲਿ ਪਰਮ ਨਿਧਾਨ ਭਏ ਕੋਟਿਕ ਨਿਧਾਨ ਹੁਇ ਚਕਿਤ ਬਿਲਾਸ ਕੈ ।

ਸਭ ਪ੍ਰਕਾਰ ਦੀਆਂ ਨਿਧਾਨ ਨਿਧੀਆਂ ਖਜ਼ਾਨੇ ਇਕ ਠੋਰ ਪ੍ਰਾਪਤ ਹੋ ਕੇ ਪਰਮ ਨਿਧਾਨ ਮਹਾਂ ਖਜ਼ਾਨਾ ਬਣਿਆ ਕਰਦਾ ਹੈ ਐਸੇ ਕ੍ਰੋੜਾਂ ਹੀ ਖਜ਼ਾਨੇ ਗੁਰਮੁਖ ਦੇ ਇਕ ਬਿਲਾਸ ਮੌਜੂ ਅਨੰਦ ਮਈ ਅੰਤਰੀਵੀ ਬਿਗਾਸ ਤੋਂ ਚਕਿਤ ਚਕ੍ਰਿਤ ਹਰਾਨ ਹੋ ਹੋ ਪਿਆ ਕਰਦੇ ਹਨ। ਵਾ ਗੁਰਮੁਖ ਦੇ ਮੌਜ ਵਿਚ ਉਚਾਰੇ ਬਿਲਾਸ ਤੋਂ ਵਾਰਣੇ ਹੋ ਹੋ ਪੈਂਦੇ ਹਨ।

ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ ਗੁਰਸਿਖ ਮਧੁਕਰ ਅਨਭੈ ਅਭਿਆਸ ਕੈ ।੬੬।

ਤਾਤਪਰਯ ਕੀਹ ਕਿ ਜਿਹੜੇ ਗੁਰ ਸਿੱਖ ਅਨਭੈ ਉਕਤ ਅਨੁਭਵੀ ਦਸ਼ਾ ਵਿਖੇ ਮਗਨ ਰਹਿਣ ਦੇ ਅਭ੍ਯਾਸ ਦੇ ਮਧੁਕਰ ਭੌਰੇ ਹੋਏ ਗੁਰੂ ਅੰਤਰਯਾਮੀ ਦੀ ਇਸ ਪ੍ਰਕਾਰ ਚਰਣ ਸਰਣ ਰਹਿੰਦੇ ਹਨ ਓਨਾਂ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ ਭਾਵ ਐਹੋ ਜੇਹੇ ਦ੍ਰਿਸ਼ਟਾਂਤਾਂ ਰਾਹੀਂ ਕਿਸੇ ਪ੍ਰਕਾਰ ਵਰਨਣ ਨਹੀਂ ਕੀਤਾ ਜਾ ਸਕਦਾ ॥੬੬॥


Flag Counter