ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 474


ਜੈਸੇ ਰੂਪ ਰੰਗ ਬਿਧਿ ਪੂਛੈ ਅੰਧੁ ਅੰਧ ਪ੍ਰਤਿ ਆਪ ਹੀ ਨ ਦੇਖੈ ਤਾਹਿ ਕੈਸੇ ਸਮਝਾਵਈ ।

ਜਿਸ ਤਰ੍ਹਾਂ ਇਕ ਅੰਨ੍ਹਾ ਅੰਨ੍ਹੇ ਪਾਸੋਂ ਰੰਗ ਰੂਪ ਸੁੰਦ੍ਰਤਾ ਦੇ ਢੰਗ ਬਾਬਤ ਪੁਛੇ ਤਾਂ ਜਿਹੜ ਆਪ ਹੀ ਨਹੀਂ ਦੇਖ ਰਿਹਾ, ਉਸ ਨੂੰ ਕਿਸ ਤਰ੍ਹਾਂ ਦਿਖਾ ਸਕੇਗਾ।

ਰਾਗ ਨਾਦ ਬਾਦ ਪੂਛੈ ਬਹਰੋ ਜਉ ਬਹਰਾ ਪੈ ਸਮਝੈ ਨ ਆਪ ਤਹਿ ਕੈਸੇ ਸਮਝਾਵਈ ।

ਇਞੇ ਹੀ ਜੇਕਰ ਬੋਲਾ ਬੋਲੇ ਪਾਸੋਂ ਰਾਗ ਦੀ ਸੁਰ ਆਦ ਬਾਬਤ ਪੁਛੇ ਤਾਂ ਜਦ ਉਹ ਸੁਣੀ ਅਨਸੁਣੀ ਕਾਰਣ ਆਪ ਹੀ ਨਹੀਂ ਸਮਝਦਾ ਤਾਂ ਓਸ ਨੂੰ ਕਿਸ ਤਰ੍ਹਾਂ ਸਮਝਾ ਸਕੇਗਾ?

ਜੈਸੇ ਗੁੰਗ ਗੁੰਗ ਪਹਿ ਬਚਨ ਬਿਬੇਕ ਪੂਛੇ ਚਾਹੇ ਬੋਲਿ ਨ ਸਕਤ ਕੈਸੇ ਸਬਦੁ ਸੁਨਾਵਈ ।

ਜਿਸ ਤਰ੍ਹਾਂ ਗੁੰਗਾ ਗੁੰਗੇ ਪਾਸੋਂ ਬਚਨ ਸ਼ਬਦ ਸ਼ਾਸਤ੍ਰ ਯਾ ਬੋਲਚਾਲ ਦੇ ਬਿਬੇਕ ਚੱਜ ਆਚਾਰ ਬਾਬਤ ਪੁਛੇ ਜਾਂ ਜਦ ਆਪ ਹੀ ਉਹ ਬੋਲ ਨਹੀਂ ਸਕਦਾ ਤਾਂ ਦੂਏ ਨੂੰ ਕੀਕੂੰ ਸ਼ਬਦ ਨਿਰਣਾ ਸੁਣਾ ਸਕੇ?

ਬਿਨੁ ਸਤਿਗੁਰ ਖੋਜੈ ਬ੍ਰਹਮ ਗਿਆਨ ਧਿਆਨ ਅਨਿਥਾ ਅਗਿਆਨ ਮਤ ਆਨ ਪੈ ਨ ਪਾਵਈ ।੪੭੪।

ਇਸੀ ਪ੍ਰਕਾਰ ਸਤਿਗੁਰਾਂ ਤੋਂ ਬਿਨਾਂ ਜੇਕਰ ਕਿਤੋਂ ਹੋਰਥੋਂ ਬ੍ਰਹਮ ਗਿਆਨ ਵਾ ਬ੍ਰਹਮ ਧਿਆਨ ਦੀ ਭਾਲ ਕਰੇ ਤਾਂ ਅਨਿਥਾ ਉਲਟੀ ਇਹ ਮੂਰਖਤਾ ਹੀ ਹੈ ਕ੍ਯੋਂਕਿ ਇਹ ਆਨ ਪੈ ਕਿਸੇ ਹੋਰ ਦੇਵੀ ਦੇਵਤਿਆਂ ਪਾਸੋਂ ਨਹੀਂ ਪ੍ਰਾਪਤ ਹੋ ਸਕਦਾ ॥੪੭੪॥


Flag Counter