ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 102


ਜੈਸੇ ਕਛਪ ਧਰਿ ਧਿਆਨ ਸਾਵਧਾਨ ਕਰੈ ਤੈਸੇ ਮਾਤਾ ਪਿਤਾ ਪ੍ਰੀਤਿ ਸੁਤੁ ਨ ਲਗਾਵਈ ।

ਜਿਸ ਤਰ੍ਹਾਂ ਕੱਛਪ ਕਛੂ ਕੁੰਮੀ ਬਰੇਤੀ ਵਿਚ ਬੱਚੇ ਜੰਮਕੇ ਧਿਆਨ ਧਾਰ ਧਾਰ ਕੇ ਹੀ ਓਨ੍ਹਾਂ ਨੂੰ ਸਾਵਧਾਨ ਅਪਣੇ ਸਮਾਨ ਹੀ ਤ੍ਯਾਰ ਬਰ ਤ੍ਯਾਰ ਬਣਾ ਲਿਆ ਕਰਦੀ ਹੈ, ਪਰ ਉਹ ਬੱਚੇ ਓਸੇ ਤਰ੍ਹਾਂ ਹੀ ਅਪਣੇ ਮਾਪਿਆਂ ਦੀ ਪ੍ਰੀਤੀ ਵਿਚ ਚਿੱਤ ਨਹੀਂ ਲਗਾਇਆ ਕਰਦੇ ਭਾਵ ਉਹ ਮਾਪਿਆਂ ਨੂੰ ਨਹੀਂ ਧਿਆਨ ਫਿਕਰ ਤਾਂਘ ਵਿਚ ਐਡਾ ਲਿਆਯਾ ਕਰਦੇ।

ਜੈਸੇ ਸਿਮਰਨ ਕਰਿ ਕੂੰਜ ਪਰਪਕ ਕਰੈ ਤੈਸੋ ਸਿਮਰਨਿ ਸੁਤ ਪੈ ਨ ਬਨਿ ਆਵਈ ।

ਜਿਸ ਤਰ੍ਹਾਂ ਸਿਮਰਣ ਯਾਦ ਕਰ ਕਰ ਚਿਤਾਰ ਚਿਤਾਰ ਕੇ, ਕੂੰਜ ਅਪਣਿਆਂ ਬੱਚਿਆਂ ਨੂੰ ਪਰਪੱਕ ਹਜ਼ਾਰਾਂ ਕੋਹਾਂ ਦੀ ਉਡਾਰੀ ਮਾਰਣ ਲਈ ਸਮਰੱਥ ਕਰ ਬਣਾ ਲਿਆ ਕਰਦੀ ਹੈ, ਇਸ ਤਰ੍ਹਾਂ ਓਨਾਂ ਬੱਚਿਆਂ ਪਾਸੋਂ ਮਾਂ ਪਿਉ ਦੀ ਚਿਤਵਣੀ ਨਹੀਂ ਸਰ ਔਂਦੀ ਭਾਵ ਬੱਚੇ ਐਡੀ ਪ੍ਰਵਾਹ ਨਹੀਂ ਕਰਿਆ ਕਰਦੇ ਕਿ ਓਨਾਂ ਦੇ ਮਾਪੇ ਖਵਰੇ ਕਿਥੇ ਹਨ ਤੇ ਕਦ ਮਿਲਣਗੇ।

ਜੈਸੇ ਗਊ ਬਛਰਾ ਕਉ ਦੁਗਧ ਪੀਆਇ ਪੋਖੈ ਤੈਸੇ ਬਛਰਾ ਨ ਗਊ ਪ੍ਰੀਤਿ ਹਿਤੁ ਲਾਵਈ ।

ਜਿਸ ਤਰ੍ਹਾਂ ਗਊ ਅਪਣੇ ਵੱਛੇ ਨੂੰ ਦੁੱਧ ਪਿਆਲ ਪਿਆਲ ਕੇ ਪੋਖੈ ਪੋਖਦੀ ਪਾਲਦੀ ਹੈ, ਓਕੂੰ ਵੱਛਾ ਮਾਂ ਦੇ ਵੱਗ ਨਾਲ ਚਰਣ ਚੁਗਣ ਗਿਆਂ ਓਸ ਦੀ ਪ੍ਰੀਤੀ ਵਿਚ ਹਿਤ ਨੇਹੁੰ ਲਗਾ ਕੇ ਬਿਹਬਲ ਨਹੀਂ ਹੋਇਆ ਕਰਦਾ।

ਤੈਸੇ ਗਿਆਨ ਧਿਆਨ ਸਿਮਰਨ ਗੁਰਸਿਖ ਪ੍ਰਤਿ ਤੈਸੇ ਕੈਸੇ ਸਿਖ ਗੁਰ ਸੇਵਾ ਠਹਰਾਵਈ ।੧੦੨।

ਤੈਸੀ ਹੀ ਦਸ਼ਾ ਸਤਿਗੁਰਾਂ ਦੀ ਭੀ ਹੈ ਕਿ ਉਹ ਤਾਂ ਵਾਹਿਗੁਰੂ ਦਾ ਗਿਆਨ ਸਿਖਾਲਨ ਅਰੁ ਉਸ ਵਿਚ ਧਿਆਨ ਲਗਵੌਣ ਤਥਾ ਸਿੱਖਾਂ ਨੂੰ ਓਸ ਦੀ ਯਾਦ ਸਿਮਰਣ ਵਿਚ ਪਰਚੌਣ ਲਈ ਪ੍ਰੀਤ ਦਾ ਅੰਗ ਪਾਲਦੇ ਹਨ, ਪ੍ਰੰਤੂ ਸਿੱਖ ਅਗੋਂ ਕਿਸ ਤਰ੍ਹਾਂ ਸੇਵਾ ਆਗਿਆ ਪਾਲਨ ਵਿਚ ਠਹਿਰਾਵਈ ਅਪਨੇ ਆਪਨੂੰ ਦ੍ਰਿੜ੍ਹ ਸਾਵਧਾਨ ਰੱਖ ਸਕਨ ਭਾਵ ਉਹ ਭੀ ਪਸੂਆਂ ਪੰਛੀਆਂ ਵਾਂਕੂੰ ਸੇਵਾ ਵਿੱਚੋਂ ਭਗਲ ਹੋ ਨਿਕਲਦੇ ਹਨ, ਮਨੁੱਖ ਪਣੇ ਦੇ ਮਹੱਤ ਦੀ ਲਾਜ ਨਹੀਂ ਨਿਭਾ ਸਕਦੇ ॥੧੦੨॥


Flag Counter