ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 303


ਨਿਜ ਘਰ ਮੇਰੋ ਸਾਧਸੰਗਤਿ ਨਾਰਦ ਮੁਨਿ ਦਰਸਨ ਸਾਧਸੰਗ ਮੇਰੋ ਨਿਜ ਰੂਪ ਹੈ ।

ਹੇ ਨਾਰਦ ਮੁਨੀ! ਸਾਧ ਸੰਗਤਿ ਮੇਰਾ ਨਿਜ ਘਰ ਨਿਵਾਸ ਸਥਾਨ ਹੈ ਅਤੇ ਸਾਧ ਸੰਗਤ ਦਾ ਦਰਸ਼ਨ ਮੇਰਾ ਅਪਣਾ ਸਰੂਪ ਦਰਸ਼ਨ ਹੈ।

ਸਾਧਸੰਗਿ ਮੇਰੋ ਮਾਤਾ ਪਿਤਾ ਅਉ ਕੁਟੰਬ ਸਖਾ ਸਾਧਸੰਗਿ ਮੇਰੋ ਸੁਤੁ ਸ੍ਰੇਸਟ ਅਨੂਪੁ ਹੈ ।

ਸਾਧ ਸੰਗਤ ਹੀ ਮੇਰੇ ਮਾਤਾ ਪਿਤਾ ਮਾਪੇ ਅਤੇ ਕੋੜਮਾ ਵਾ ਸਖਾ ਸਾਕ ਸੈਨ ਸਨੇਹੀ ਹੈ, ਅਰੁ ਸਾਧਸੰਗ ਹੀ ਮੇਰਾ ਉਪਮਾ ਤੋਂ ਰਹਿਤ ਅਤਯੰਤ ਸੁੰਦਰ ਸ੍ਰੇਸ਼ਟ ਭਲਾ ਆਗਿਆਕਾਰ ਪੁਤ੍ਰ ਹੈ।

ਸਾਧਸੰਗ ਸਰਬ ਨਿਧਾਨੁ ਪ੍ਰਾਨ ਜੀਵਨ ਮੈ ਸਾਧਸੰਗਿ ਨਿਜੁ ਪਦ ਸੇਵਾ ਦੀਪ ਧੂਪ ਹੈ ।

ਸਾਧ ਸੰਗਤ ਹੀ ਮੈ ਮੇਰੇ ਸਮੂਹ ਨਿਧੀਆਂ ਦਾ ਅਸਥਾਨ ਅਖੁੱਟ ਭੰਡਾਰ ਹੈ ਤੇ ਏਹੋ ਹੀ ਮੇਰੇ ਜੀਵਨ ਦਾ ਮੂਲ ਰੂਪ ਪ੍ਰਾਣ ਮੇਰੀ ਜਾਨ ਹੈ, ਅਤੇ ਸਾਧ ਸੰਗਤ ਹੀ ਧੂਪ ਦੀਪ ਆਦੀ ਸੇਵਾ ਦਾ ਮੇਰਾ ਨਿਜ ਪਦ ਅਪਣਾ ਅਸਥਾਨ ਆਦਰਸ਼ ਸਰੂਪ ਹੈ।

ਸਾਧਸੰਗਿ ਰੰਗ ਰਸ ਭੋਗ ਸੁਖ ਸਹਜ ਮੈ ਸਾਧਸੰਗਿ ਸੋਭਾ ਅਤਿ ਉਪਮਾ ਅਉ ਊਪ ਹੈ ।੩੦੩।

ਸਾਧ ਸੰਗਤ ਹੀ ਮੇਰਾ ਸਹਜ ਸੁਖ ਭੋਗ ਅਬਿਨਾਸ਼ੀ ਸੁਖ ਦਾ ਮਾਨਣਾ ਅਰੁ ਰੰਗ ਰਸ ਰਸਾਂ ਦਾ ਪਿਆਰ, ਵਾਰਸਿਕ ਪਣਾ ਹੈ ਤੇ ਸਾਧ ਸੰਗਤ ਹੀ ਮੇਰੀ ਸ਼ੋਭਾ ਅਤਿ ਅਤੇ ਉਪਮਾ ਅਰੁ ਉੂਪ ਹੈ ਭਾਵ ਅਤਿ ਸੈ ਕਰ ਕੇ ਉਪਮਾ ਅਰੁ ਉਤਕ੍ਰਿਸ਼੍ਟਤਾ ਸਰਬ ਸਿਰੋਮਣੀ ਭਾਵ ਹੈ ॥੩੦੩॥