ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 373


ਜੈਸੇ ਹੀਰਾ ਹਾਥ ਮੈ ਤਨਕ ਸੋ ਦਿਖਾਈ ਦੇਤ ਮੋਲ ਕੀਏ ਦਮਕਨ ਭਰਤ ਭੰਡਾਰ ਜੀ ।

ਜਿਸ ਤਰ੍ਹਾਂ ਹੱਥ ਵਿਚ ਲਿਆਂ ਹੀਰਾ ਤਨਕ ਸੋ ਛੋਟਾ ਜਿਹਾ ਦਿਖਾਈ ਦਿੰਦਾ ਹੈ ਪਰ ਮੁੱਲ ਕੀਤਿਆਂ ਦਮਕਨ ਰੁਪ੍ਯਾਂ ਦਮੜਿਆਂ ਨਾਲ ਭੰਡਾਰ ਭਰਦਿਆ ਕਰਦਾ ਹੈ।

ਜੈਸੇ ਬਰ ਬਾਧੇ ਹੁੰਡੀ ਲਾਗਤ ਨ ਭਾਰ ਕਛੁ ਆਗੈ ਜਾਇ ਪਾਈਅਤ ਲਛਮੀ ਅਪਾਰ ਜੀ ।

ਜਿਸ ਤਰ੍ਹਾਂ ਬਰ ਬਰੇ ਕਪੜੇ ਦੇ ਲੜ ਬੰਨੀ ਹੋਈ ਹੁੰਡੀ ਦਾ ਕੁਛ ਭੀ ਭਾਰ ਨਹੀਂ ਲਗ੍ਯਾ ਪ੍ਰ੍ਰਤੀਤ ਹੋਇਆ ਕਰਦਾ, ਪਰ ਅਗੇ ਟਿਕਾਣੇ ਤੇ ਗਿਆਂ ਬ੍ਯੰਤ ਧਨ ਓਸ ਦੇ ਵਟਾਂਦਰੇ ਵਿਚ ਮਿਲ੍ਯਾ ਕਰਦਾ ਹੈ।

ਜੈਸੇ ਬਟਿ ਬੀਜ ਅਤਿ ਸੂਖਮ ਸਰੂਪ ਹੋਤ ਬੋਏ ਸੈ ਬਿਬਿਧਿ ਕਰੈ ਬਿਰਖਾ ਬਿਸਥਾਰ ਜੀ ।

ਜਿਸ ਤਰ੍ਹਾਂ ਬੋੜ੍ਹ ਦਾ ਬੀਜ ਰੂਪ ਸੂਰਤ ਵਿਚ ਅਤਿ ਸੂਖਮ ਬਹੁਤ ਹੀ ਨਿਕੜਾ ਜਿਹਾ ਹੁੰਦਾ ਹੈ ਪਰ ਬੀਜਿਆਂ ਹੋਇਆ ਬਿਰਖਾ ਬਿਰਛ ਬਣ ਕੇ ਬਿਬਿਧ ਬਿਸਥਾਰ ਕਰੈ ਅਨੇਕ ਪ੍ਰਕਾਰ ਦਾ ਟਾਹਣੀਆਂ ਟਾਹਣ ਆਦਿ, ਪਸਾਰਾ ਪਸਾਰਿਆ ਕਰਦਾ ਹੈ, ਜੀ ਹੇ ਭਾਈਓ।

ਤੈਸੇ ਗੁਰ ਬਚਨ ਸਚਨ ਗੁਰਸਿਖਨ ਮੈ ਜਾਨੀਐ ਮਹਾਤਮ ਗਏ ਹੀ ਹਰਿਦੁਆਰ ਜੀ ।੩੭੩।

ਤਿਸੀ ਪ੍ਰਕਾਰ ਹੀ ਗੁਰ ਸਿਖਨ ਮੈ ਗੁਰ ਸਿੱਖਾਂ ਦੇ ਅੰਦਰ ਗੁਰ ਬਚਨ ਗੁਰ ਉਪਦੇਸ਼ ਦੇ ਸੰਚੇ ਸੰਗ੍ਰਹ ਹੋ ਜਾਣ ਦਾ ਭਾਵ ਭਲੀ ਪ੍ਰਕਾਰ ਟਿਕ ਜਾਣ ਦਾ ਮਹਾਤਮ ਭੀ ਲੌਕਿਕ ਅਖੌਤ ਮੂਜਬ ਹਰਿਦ੍ਵਾਰ ਗਿਆਂ ਹੀ ਹਰਿਦ੍ਵਾਰ ਦੀ ਮਹਿਮਾ ਦੇ ਪੂਰੇ ਪੂਰੇ ਜਾਨਣ ਵਤ ਜਾਣਿਆ ਜਾ ਸਕਦਾ ਹੈ ਅਰਥਾਤ ਗੁਰ ਉਪਦੇਸ਼ ਦੇ ਹਿਰਦੇ ਅੰਦਰ ਟਿਕਣ ਦੀ ਮਹਿਮਾ ਕਿਤਨੇ ਕੂ ਮਹਾਨ ਪ੍ਰਭਾਵ ਵਾਲੀ ਹੈ, ਕਹਿਣ ਗੋਚਰੀ ਨਹੀਂ, ਅਨੁਭਵ ਕੀਤਿਆਂ ਹੀ ਪਤਾ ਲਗ ਸਕਦਾ ਹੈ ॥੩੭੩॥