ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 465


ਜੈਸੇ ਉਪਬਨ ਆਂਬ ਸੇਂਬਲ ਹੈ ਊਚ ਨੀਚ ਨਿਹਫਲ ਸਫਲ ਪ੍ਰਗਟ ਪਹਚਾਨੀਐ ।

ਜਿਸ ਤਰ੍ਹਾਂ ਉਪਬਨ ਬਾਗ ਅੰਦਰ ਅੰਬ ਤੇ ਸਿੰਗਲ ਊਚ ਨੀਚ ਭਾਂਤ ਦੇ ਬਿਰਛ ਹੁੰਦੇ ਹਨ ਜਿਨਾਂ ਵਿਚੋਂ ਅੰਬ ਫਲਦਾਰ ਬੂਟਾ ਹੈ ਅਰੁ ਸਿੰਗਲ ਨੂੰ ਨਿਸ਼ਫਲ ਅਫਲ ਪ੍ਰਗਟ ਹੀ ਪਛਾਣੀਦਾ ਸਭ ਕੋਈ ਜਾਣਦਾ ਹੈ।

ਚੰਦਨ ਸਮੀਪ ਜੈਸੇ ਬਾਂਸ ਅਉ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ ।

ਚੰਨਣ ਦੇ ਨੇੜੇ ਜਿਸ ਤਰ੍ਹਾਂ ਬਾਂਸ ਅਤੇ ਬਨਾਸਪਤੀ ਹੰਦੀ ਹੈ; ਪਰ ਸ਼ਿਵ ਮੰਗਲ ਮਈ ਪ੍ਰਕਾਸ਼ ਤੱਤ ਦੇ ਪ੍ਰਭਾਵ ਕਰ ਕੇ ਸਮੂਹ ਬਨਾਸਪਤੀ ਸੁਗੰਧੀ ਸੰਪੰਨ ਹੁੰਦੀ ਜਾਣੀਦੀ ਹੈ ਅਤੇ ਸ਼ਕਤੀ ਅਮੰਗਲ ਮਈ ਤਮੋ ਪ੍ਰਧਾਨ ਤੱਤ ਕਾਰਣ ਬਾਂਸ ਗੰਧ ਰਹਤ ਜਾਣੀਦਾ ਹੈ।

ਸੀਪ ਸੰਖ ਦੋਊ ਜੈਸੇ ਰਹਤ ਸਮੁੰਦ੍ਰ ਬਿਖੈ ਸ੍ਵਾਂਤ ਬੂੰਦ ਸੰਤਤਿ ਨ ਸਮਤ ਬਿਧਾਨੀਐ ।

ਸਿੱਪੀ ਤੇ ਸੰਖ ਦੋਵੇਂ ਜਿਸ ਤਰ੍ਹਾਂ ਸਮੁੰਦਰ ਅੰਦਰ ਰਹਿੰਦੇ ਹਨ ਪਰ ਇਕ ਟਿਕਾਣੇ ਰਹਿੰਦੀਆਂ ਹੋਯਾਂ ਭੀ ਸਿੱਪੀ ਤਾਂ ਸ੍ਵਾਂਤੀ ਬੂੰਦ ਦ੍ਵਾਰੇ ਮੋਤੀ ਰੂਪ ਸੰਤਾਨ ਸਹਿਤ ਹੋਯਾ ਕਰਦੀ ਹੈ ਤੇ ਸੰਖ ਸਖਨਾ ਰਿਹਾ ਕਰਦਾ ਹੈ, ਇਉਂ ਇਨਾਂ ਵਿਚ ਸਮਤਾ ਨਹੀਂ ਆਖੀ ਜਾਂਦੀ ਭਾਵ, ਅੱਡ ਅੱਡ ਸੁਭਾਵ ਦੇ ਹੀ ਰਹਿੰਦੇ ਹਨ।

ਤੈਸੇ ਗੁਰਦੇਵ ਆਨ ਦੇਵ ਸੇਵਕਨ ਭੇਦ ਅਹੰਬੁਧਿ ਨਿੰਮ੍ਰਤਾ ਅਮਾਨ ਜਗ ਮਾਨੀਐ ।੪੬੫।

ਤਿਸੀ ਪ੍ਰਕਾਰ ਗੁਰੂ ਦੇਵ ਕਿਆਂ ਤਥਾ ਆਨ ਦੇਵਤਿਆਂ ਦੇ ਸੇਵਕਾਂ ਵਿਖੇ ਭਿੰਨ ਭੇਦ ਹੁੰਦਾ ਹੈ। ਗੁਰੂ ਕੇ ਸੇਵਕ ਤਾਂ ਨਿੰਮ੍ਰਤਾ ਭਾਵ ਵਾਲੇ ਨਿਰਮਾਨ ਪ੍ਰਵਾਣੀਦੇ ਹਨ; ਤਥਾ ਆਨ ਦੇਵ ਸੇਵਕ ਹਉਮੈਂ ਬੁਧਿ ਕਰ ਕੇ ਅਭਿਮਾਨ ਸਹਿਤ ਜਗਤ ਵਿਚ ਮੰਨੇ ਜਾਂਦੇ ਹਨ ॥੪੬੫॥