ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 545


ਸਰਪ ਕੈ ਤ੍ਰਾਸ ਸਰਨਿ ਗਹੈ ਖਰਪਤਿ ਜਾਇ ਤਹਾ ਜਉ ਸਰਪ ਗ੍ਰਾਸੈ ਕਹੋ ਕੈਸੇ ਜੀਜੀਐ ।

ਸੱਪ ਤੋਂ ਰੱਛਿਆ ਦੀ ਖ਼ਾਤਰ ਖਗ ਪਤਿ ਗਰੁੜ ਭਗਵਾਨ ਦੀ ਸ਼ਰਣ ਲਈਦੀ ਹੈ, ਪਰ ਉੱਥੇ ਭੀ ਜੇਕਰ ਸੱਪ ਪਕੜ ਲਵੇ ਆਪਣੇ ਲਪੇਟ ਵਿਚ ਲੈ ਲਵੇ ਤਾਂ ਦੱਸੋ ਕਿਸ ਭਾਂਤ ਜੀਉਂਣਾ ਹੋ ਸਕੂ?

ਜੰਬਕ ਸੈ ਭਾਗਿ ਮ੍ਰਿਗਰਾਜ ਕੀ ਸਰਨਿ ਗਹੈ ਤਹਾਂ ਜਉ ਜੰਬਕ ਹਰੈ ਕਹੋ ਕਹਾਂ ਕੀਜੀਐ ।

ਗਿੱਦੜ ਕੋਲੋਂ ਭੱਜਕੇ ਸ਼ੇਰ ਦੀ ਸ਼ਰਣ ਗ੍ਰਹਣ ਕਰੀਦੀ ਹੈ, ਪਰ ਉਥੇ ਭੀ ਜੇਕਰ ਗਿੱਦੜ ਹਰੈ ਵਾਰ ਮਾਰ ਕਰਨ ਪਵੇ ਤਾਂ ਆਖੋ ਕੀਹ ਕੁਛ ਉਪਾਵ ਕੀਤਾ ਜਾ ਸਕਦਾ ਹੈ?

ਦਾਰਿਦ੍ਰ ਕੈ ਚਾਂਪੈ ਜਾਇ ਸਮਰ ਸਮੇਰ ਸਿੰਧ ਤਹਾਂ ਜਉ ਦਾਰਿਦ੍ਰ ਦਹੈ ਕਾਹਿ ਦੋਸੁ ਦੀਜੀਐ ।

ਦਲਦ੍ਰਿ ਦੀ ਚਾਂਪ ਨਿਪੀੜ ਵਾ ਦਬਾਉ ਕੈ ਕਾਰਣ ਜਾਈਦਾ ਹੈ ਸੁਮੇਰ ਸੋਨੇ ਦੇ ਪਰਬਤ ਰਤਨਾਂ ਦੀ ਖਾਣ ਸਮੁੰਦ੍ਰ ਦੀ ਸ਼ਰਣ ਪਰ ਉਥੇ ਭੀ ਜੇਕਰ ਦਲਿਦ੍ਰ ਦਾਹੈ ਸਤੌਂਦਾ ਸਾੜਦਾ ਰਹੇ ਤਾਂ ਕਿਸ ਨੂੰ ਦੋਸ਼ ਦੇਈਏ।

ਕਰਮ ਭਰਮ ਕੈ ਸਰਨਿ ਗੁਰਦੇਵ ਗਹੈ ਤਹਾਂ ਨ ਮਿਟੈ ਕਰਮੁ ਕਉਨ ਓਟ ਲੀਜੀਐ ।੫੪੫।

ਕਰਮਾਂ ਦੀ ਭਟਕਨਾ ਕਾਰਣ ਅਰਥਾਤ ਕਰਮ ਕਿਰਤ ਦੀ ਰੇਖ ਭੋਗੇ ਬਿਨਾਂ ਨਹੀਂ ਮਿਟ ਸਕਦੀ ਤੇ ਕਰਮਾਂ ਦਾ ਚਕ੍ਰ ਅਨਾਦੀ ਕਾਲ ਤੋਂ ਪ੍ਰਵਿਰਤ ਹੋਣ ਕਰ ਕੇ ਇਸ ਦੀ ਓੜਕ ਪਤਾ ਨਹੀਂ ਕਦ ਮੁਕੂ ਤੇ ਕਦ ਮੁੱਕ੍ਤ ਹੋਣ ਦੀ ਆਸ ਕੀਤੀ ਜਾਵੇ ਐਸੀ ਨਿਰਾਸਤਾ ਦੀ ਹੱਦ ਜਾਣ ਕੇ ਤਾਂ ਸਤਿਗੁਰੂ ਦੀ ਸਰਣ ਲਈਏ ਪਰ ਉਥੇ ਭੀ ਜੇਕਰ ਇਹ ਕਰਮ ਨਾ ਮਿਟਨ ਭੋਗਨੇ ਹੀ ਪੈਣ ਤਾਂ ਫੇਰ ਹੋਰ ਕਿਹੜੀ ਓਟ ਮੁਕਤ ਹੋਣ ਲਈ ਲਈਏ ॥੫੪੫॥


Flag Counter