ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 425


ਸਲਿਲ ਸੁਭਾਵ ਦੇਖੈ ਬੋਰਤ ਨ ਕਾਸਟਹਿ ਲਾਹ ਗਹੈ ਕਹੈ ਅਪਨੋਈ ਪ੍ਰਤਿਪਾਰਿਓ ਹੈ ।

ਦੇਖੋ! ਜਲ ਦਾ ਸੁਭਾਵ ਜੋ ਕਾਠ ਨੂੰ ਨਹੀਂ ਡੋਬਦਾ; ਕ੍ਯੋਂਕਿ ਉਹ ਇਸ ਬਚਨ ਆਖੇ ਦੀ ਲਾਜ ਧਾਰਦਾ ਹੈ ਕਿ ਇਹ ਓਸ ਦਾ ਆਪਣਾ ਹੀ ਪਾਲਿਆ ਹੋਯਾ ਹੈ।

ਜੁਗਵਤ ਕਾਸਟ ਰਿਦੰਤਰਿ ਬੈਸੰਤਰਹਿ ਬੈਸੰਤਰ ਅੰਤਰਿ ਲੈ ਕਾਸਟਿ ਪ੍ਰਜਾਰਿਓ ਹੈ ।

ਅਗੋਂ ਕਾਠ ਅਪਣੇ ਹਿਰਦੇ ਅੰਦਰ ਮਾਨੋ ਜਾਨ ਤੋਂ ਵਧ ਪ੍ਯਾਰਾ ਮੰਨਕੇ ਅਗਨੀ ਨੂੰ ਜੁਗਵਤ ਸੰਭਾਲ੍ਯਾ ਰਖਿਆ ਕਰਦਾ ਹੈ; ਇਸ ਲਈ ਕਿ ਓਸ ਦੇ ਪਾਲਨਹਾਰੇ ਜਲ ਦੀ ਉਤਪਤੀ ਓਸ ਤੋਂ ਹੋਈ ਹੋਈ ਹੈ; ਪਰ ਸਾੜਨ ਹਾਰੀ ਦੁਸ਼ਟ ਅੱਗ ਅਪਣੇ ਵਿਚ ਆ ਪਏ ਕਾਠ ਨੂੰ ਭਲੀ ਭਾਂਤ ਸਾੜ ਸੁਆਹ ਕਰ ਸਿੱਟਦੀ ਹੈ; ਜ਼ਰਾ ਲਾਜ ਨਹੀਂ ਕਰਦੀ।

ਅਗਰਹਿ ਜਲ ਬੋਰਿ ਕਾਢੈ ਬਾਡੈ ਮੋਲ ਤਾ ਕੋ ਪਾਵਕ ਪ੍ਰਦਗਧ ਕੈ ਅਧਿਕ ਅਉਟਾਰਿਓ ਹੈ ।

ਅਗਰ ਚੰਨਣ ਨੂੰ ਪਾਣੀ ਜਰੂਰ ਡੋਬ ਲੈਂਦਾ ਹੈ ਪਰ ਇਹ ਭੀ ਹਾਨੀ ਵਾਸਤੇ ਨਹੀਂ ਸਗਮਾਂ ਜਦੋਂ ਬਾਹਰ ਕਢੋ ਓਸ ਅਗਰ ਦਾ ਮੁੱਲ ਵਧ ਜਾਇਆ ਕਰਦਾ ਹੈ ਭਾਵ ਡੋਬ ਕੇ ਸਗੋਂ ਜਲ ਅਗਰ ਦੀ ਕਸੌਟੀ ਦਾ ਕੰਮ ਦਿਆ ਕਰਦਾ ਹੈ ਅਸਲ ਪਰਖ ਉਪ੍ਰੰਤ ਸ੍ਵਾਰਥੀ ਹੱਥਾਂ ਵਿਚੋਂ ਪਾਵਕ ਦਗਧ ਕੈ ਅੱਗ ਬਾਲ ਕੇ ਇਸ ਨੂੰ ਬਹੁਤ ਸਾਰਾ ਕਾੜ੍ਹਿਆ ਜਾਂਦਾ ਹੈ।

ਤਊ ਤਾ ਕੋ ਰੁਧਰੁ ਚੁਇ ਚੋਆ ਹੋਇ ਸਲਲ ਮਿਲ ਅਉਗਨਹਿ ਗੁਨ ਮਾਨੈ ਬਿਰਦੁ ਬੀਚਾਰਿਓ ਹੈ ।੪੨੫।

ਐਥੋਂ ਤਕ ਕਿ ਜਦ ਜਾਲ ਮੇਲ ਕੇ ਓਸ ਦਾ ਲਹੂ ਚੋਣ ਲਗਦਾ ਹੈ ਤਾਂ ਜਲ ਝਟ ਮਿਲ ਕੇ ਓਸ ਦਾ ਚੋਆ ਅਤਰ ਬਣਾ ਦਿੰਦਾ ਹੈ; ਔਗੁਣ੍ਯਾਰੇ ਦੇ ਔਗੁਣ ਨੂੰ ਭੀ ਗੁਣ ਹੀ ਮੰਨਣ ਦੇ ਬਿਰਦ ਨੂੰ ਸੋਚਦਾ ਹੈ ਅੱਗਦਾ ਅਪ੍ਰਾਧ ਨਹੀਂ ਮੰਨਦਾ ॥੪੨੫॥


Flag Counter