ਗੁਰਮਤਿ ਵਿਖੇ ਇਕ ਮਾਤ੍ਰ ਵਸਤੂ ਹੀ ਸਤ੍ਯ ਸਰੂਪ ਹੈ, ਤੇ ਓਸੇ ਹੀ ਇਕ ਦੀ ਟੇਕ ਧਾਰੀ ਜਾਂਦੀ ਹੈ ਭਾਵ ਓਸੇ ਵਿਖੇ ਹੀ ਸਦੀਵ ਕਾਲ ਟਿਕਾਊ ਨੂੰ ਪ੍ਰਵਾਣਿਆ ਹੈ ਇਸ ਇਕ ਤੋਂ ਭਿੰਨ ਹੋਰ ਦੂਸਰਾ ਕੁਛ ਕਰਮ ਆਦਿ ਪ੍ਰਪੰਚ ਪਸਾਰਾ ਨਹੀਂ ਹੈ, ਇਸ ਇਕ ਵਿਖੇ ਕਿਸੇ ਸ਼ਿਵ ਸ਼ਕਤੀ ਆਦਿ ਦੀ ਕੋਈ ਗਤੀ ਗੰਮਤਾ ਨਹੀਂ ਅਰਥਾਤ ਨਾਮ ਮਾਤ੍ਰ ਭੀ ਜਾਨਣ ਵਿਚ ਨਹੀਂ ਔਂਦੀ। ਸੋ ਗੁਰੂ ਘਰ ਵਿਖੇ ਇਸੇ ਇੱਕ ਦੇ ਹੀ ਅਨਭੇ ਦਾ ਅਭ੍ਯਾਸੀ ਹੋਈਦਾ ਹੈ।
ਜਿਸ ਅਭ੍ਯਾਸ ਦੇ ਕਾਰਣ ਗੁਰਮੁਖ ਤਿੰਨਾਂ ਗੁਣਾਂ ਤੋਂ ਅਤੀਤ ਰਹਤ ਹੋਯਾ ਭਾਵ ਤੁਰੀਆ ਪਦ ਗਾਮੀ ਹੈ, ਆਹ ਜਿੱਤ ਹੈ ਤੇ ਆਹ ਹਾਰ ਹੈ ਤਥਾ ਜਿੱਤ ਹਾਰ ਤੋਂ ਹੋਣ ਹਾਰੇ ਆਹ ਕੁਛ ਹਰਖ ਵਾ ਸੋਗ ਹਨ, ਅਤੇ ਆਹ ਸੰਜੋਗ ਬਿਓਗ ਮੇਲ ਵਿਛੋੜਾ ਵਾ ਪ੍ਰਾਪਤੀ ਅਪ੍ਰਾਪਤੀ ਹੈ ਇਤ੍ਯਾਦਿ ਸਭ ਦ੍ਵੰਦਾਂ ਨੂੰ ਮੇਟ ਕੇ ਚਿੱਤ ਵਿਚੋਂ ਦੂਰ ਕਰ ਕੇ ਸਹਜ ਪਦ ਆਤਮ ਪਦ ਸ਼ਾਂਤ ਸ੍ਵਰੂਪ ਚੈਤੰਨ੍ਯ ਪਦ ਵਿਖੇ ਇਸਥਿਤ ਹੋਏ ਰਹੀਦਾ ਹੈ।
ਸਾਰ ਕੀਹ ਕਿ ਸਾਧ ਸੰਗਤ ਗੁਰ ਸਿੱਖੀ ਮੰਡਲ ਅੰਦਰ ਚਾਰੋਂ ਹੀ ਵਰਨਾਂ ਦਾ ਬ੍ਰਾਹਮਣ ਖ੍ਯਤ੍ਰੀ ਆਦਿਕਾਂ ਵਿਚੋਂ ਚਾਹੇ ਕੋਈ ਹੋਵੇ ਇਕਬਰਨ ਇੱਕਿ ਗੁਰੂ ਬੰਸੀਆ ਸਿੱਖ ਬਣਕੇ, ਪੰਚ ਪਰਪੰਚ, ਪੰਚ ਤੱਤ ਰਚਿਤ ਪਰਪੰਚ ਦੇਹ ਆਦੀ ਸਥੂਲ ਸੰਘਾਤ ਨੂੰ ਤ੍ਯਾਗ ਕਰ ਕੇ ਬਿਸਮ = ਅਚਰਜ ਰੂਪ, ਵਾ ਵਿਸ਼ੇਖ ਕਰ ਕੇ ਸਮ ਸਰੂਪ ਪਾਰਬ੍ਰਹਮ ਪਰਮਾਤਮਾ ਮਾਤ੍ਰ ਇੱਕੋ ਇਕ ਹੀ ਹੈ ਐਸਾ ਨਿਸਚੇ ਬਿਸ੍ਵਾਸ ਭਰੋਸੇ ਵਾਲਾ ਹੋ ਰਹਿੰਦਾ ਹੈ।
ਅਰਥਾਤ ਪੰਜ ਗ੍ਯਾਨ ਇੰਦ੍ਰੀਆਂ ਤੇ ਛੀਵਾਂ ਮਨ ਏਨਾਂ ਛੀਆਂ ਵਿਖੇ ਜੋ ਪਦਾਰਥ ਗ੍ਯਾਨ ਰੂਪ ਦਰਸ਼ਨ ਹੁੰਦਾ ਹੈ, ਓਸ ਤੋਂ ਪਰੇ ਹੋਯਾਂ ਤੇ ਪਾਰਲੀ ਹੱਦ ਸੱਤਵੀਂ ਸੱਤਵਾਂ ਸਰੋਵਰ ਜੋ ਸਰਬ ਗ੍ਯਾਨਾਂ ਦਾ ਗ੍ਯਾਨ ਹੋਣ ਕਰ ਕੇ ਸੱਤਾ ਸਫੁਰਤੀ ਪ੍ਰਦਾਨ ਰੂਪਤਾ ਕਰ ਕੇ ਸਰਦਾ ਰਹਿੰਦਾ ਹੈ ਉਹ ਪ੍ਰਾਪਤ ਹੁੰਦਾ ਹੈ, ਭਾਵ ਜੋ ਚੈਤੰਨ੍ਯ ਸਰੂਪ ਸ੍ਵਯੰ ਗ੍ਯਾਨਮਯ ਸੱਤਵਾਂ ਸਰ ਸਭ ਦਾ ਸ੍ਰੋਤ ਰੂਪ ਹੈ, ਓਸ ਦਾ ਸਾਖ੍ਯਾਤਕਾਰ ਹੋਯਾ ਕਰਦਾ ਹੈ, ਗੱਲ ਕੀਹ ਕਿ ਨਵਾਂ ਦੁਆਰਿਆਂ ਵਿਖੇ ਵਰਤਨਹਾਰੇ ਦੇਹ ਇੰਦ੍ਰੀ ਭਾਵੀ ਸਥੂਲ ਸੂਖਮ ਸੰਘਾਤ ਸਮੂਹ ਤੋਂ ਉਲੰਘ ਕੇ ਇਨਾਂ ਵਿਚੋਂ ਆਤਮ ਭਾਵਨਾ ਦੂਰ ਕਰ ਕੇ ਅਲਖ ਅਪਰ ਦਾ ਨਿਵਾਸ ਸਥਾਨ ਦਸਮ ਦ੍ਵਾਰ ਮਈ ਮਹੀ = ਮਧ੍ਯ ਵਿਖੇ ਇਸਥਿਤ ਹੋ ਕੇ, ਦੇਹ ਆਦਿ ਵਿਖੇ ਵੱਸਦਾ ਹੋਯਾ ਭੀ ਉਦਾਸੀ = ਉਤ+ਆਸੀ = ਉੱਚੀ ਯਾ ਸੰਸਾਰੀ ਲੋਕਾਂ ਤੋਂ ਉਲਟੀ ਆਸ ਵਾਲਾ ਜੀਵਨ ਮੁਕਤ ਹੋ ਜਾਂਦਾ ਹੈ ॥੩੩੩॥