ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 536


ਜੈਸੇ ਤਉ ਸਰਿਤਾ ਜਲੁ ਕਾਸਟਹਿ ਨ ਬੋਰਤ ਕਰਤ ਚਿਤ ਲਾਜ ਅਪਨੋਈ ਪ੍ਰਤਿਪਾਰਿਓ ਹੈ ।

ਜਿਸ ਤਰ੍ਹਾਂ ਫੇਰ ਨਦੀ ਦਾ ਜਲ ਕਾਠ ਨੂੰ ਨਹੀਂ ਡੋਬਦਾ, ਤੇ ਇਸ ਗੱਲ ਦੀ ਲਾਜ ਸ਼ਰਮ ਚਿੱਤ ਅੰਦਰ ਕਰਦਾ ਹੈ ਕਿ ਇਹ ਕਾਠ ਆਪਣਾ ਹੀ ਓਸ ਦਾ ਪਾਲਿਆ ਵਡੀਰਿਆ ਹੋਯਾ ਹੈ।

ਜੈਸੇ ਤਉ ਕਰਤ ਸੁਤ ਅਨਿਕ ਇਆਨ ਪਨ ਤਊ ਨ ਜਨਨੀ ਅਵਗੁਨ ਉਰਧਾਰਿਓ ਹੈ ।

ਫੇਰ ਜਿਸ ਤਰ੍ਹਾਂ ਪੁਤ੍ਰ ਅਨੇਕਾਂ ਅਞਾਣਤਾਈਆਂ ਕਰਦਾ ਹੈ ਪਰ ਜਨਨੀ ਮਾਂ ਓਸ ਦੇ ਔਗੁਣਾਂ ਨੂੰ ਆਪਣੇ ਰਿਦੇ ਅੰਦਰ ਨਹੀਂ ਹੀ ਲਿਆਯਾ ਕਰਦੀ।

ਜੈਸੇ ਤਉ ਸਰੰਨ ਸੂਰ ਪੂਰਨ ਪਰਤਗਿਆ ਰਾਖੈ ਲਖ ਅਪਰਾਧ ਕੀਏ ਮਾਰਿ ਨ ਬਿਡਾਰਿਓ ਹੈ ।

ਜਿਸ ਤਰ੍ਹਾਂ ਫੇਰ ਸੂਰਮਾ ਕਿਸੇ ਨੂੰ ਸ਼ਰਣ ਲਏ ਦੀ ਪੂਰੀ ਪ੍ਰਤਿਗ੍ਯਾ ਨਿਬੌਂਹਦਾ ਹੈ ਤੇ ਅਨਗਿਣਤ ਅਪ੍ਰਾਧ ਭੀ ਓਸ ਦੇ ਤੱਕ ਕੇ ਉਸ ਨੂੰ ਮਾਰ ਨਹੀਂ ਸਿੱਟਿਆ ਕਰਦਾ।

ਤੈਸੇ ਹੀ ਪਰਮ ਗੁਰ ਪਾਰਸ ਪਰਸ ਗਤਿ ਸਿਖਨ ਕੋ ਕਿਰਤ ਕਰਮੁ ਕਛੂ ਨ ਬੀਚਾਰਿਓ ਹੈ ।੫੩੬।

ਤਿਸੀ ਪ੍ਰਕਾਰ ਹੀ ਗੁਰੂ ਪਰਮ ਪਾਰਸ ਪਾਰਸਾਂ ਦੇ ਪਾਰਸ ਦੇ ਸਪਰਸ਼ ਦੀ ਐਸੀ ਗਤੀ ਰੀਤੀ ਹੈ, ਕਿ ਸਿੱਖਾਂ ਦੀ ਕਰਮ ਕਰਤੂਤ ਬਾਬਤ ਕੁਛ ਭੀ ਵੀਚਾਰ ਨਹੀਂ ਕਰਿਆ ਕਰਦੇ ॥੫੩੬॥


Flag Counter