ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 422


ਖਗ ਮ੍ਰਿਗ ਮੀਨ ਪਤੰਗ ਚਰਾਚਰ ਜੋਨਿ ਅਨੇਕ ਬਿਖੈ ਭ੍ਰਮ ਆਇਓ ।

ਪੰਛੀਆਂ: ਮ੍ਰਿਗ ਪਸ਼ੂਆਂ; ਕੀੜਿਆਂ; ਪਤੰਗਿਆਂ ਦੀਆਂ ਤਥਾ ਇਨਾਂ ਤੋਂ ਸਿਵਾਇ ਹੋਰ ਭੀ ਚਰਾਚਰ ਚਰ ਅਚਰ = ਚੇਤਨ ਵਾ ਜੜ੍ਹ ਅਨੇਕਾਂ ਅਣਗਿਣਤ ਜੂਨਾਂ ਵਿਚ ਭੀ ਭੌਂਦਾ ਭਟਕਦਾ ਇਹ ਜੀਵ ਮਨੁੱਖਾਂ ਜਨਮ ਵਿਖੇ ਆਯਾ ਹੈ।

ਸੁਨਿ ਸੁਨਿ ਪਾਇ ਰਸਾਤਲ ਭੂਤਲ ਦੇਵਪੁਰੀ ਪ੍ਰਤ ਲਉ ਬਹੁ ਧਾਇਓ ।

ਸੁਣੀਆਂ ਹਨ ਐਸੀਆਂ ਸੁਣੌਤਾਂ; ਸ੍ਰੋਤਾਂ ਸ਼ਾਸਤ੍ਰਾਂ ਗ੍ਰੰਥਾਂ ਅਰੁ ਮਹਾਤਮਾਂ ਦ੍ਵਾਰਾ ਅਥਵਾ ਸੁਣ ਸੁਣ ਕੇ ਸ਼ਾਸਤ੍ਰਾਂ ਵਿਚੋਂ ਅਰੁ ਪ੍ਰਵਿਰਤੀ ਪ੍ਰਾਯਣ ਕਰਮ ਕਾਂਡੀਆਂ ਲੋਕਾਂ ਤੋਂ ਕਿ ਇਹ ਜੀਵ ਜੇਹੋ ਜੇਹੀ ਵਾਸ਼ਨਾ ਖੜੀ ਕਰਦਾ ਹੈ ਤੇਹੋ ਤੇਹਾ ਹੀ ਕਿਤੇ ਰਸਾਤਲ ਪਾਤਾਲ ਲੋਕ ਪ੍ਰਤਿ ਤਾਂਈ ਕਿਤੇ ਭੂਤਲ ਮਾਤ ਲੋਕ ਅੰਦਰ ਅਤੇ ਕਿਤੇ ਦੇਵਪੁਰੀ ਲਉ ਸੁਰਗਾਪੁਰੀ ਪ੍ਰਯੰਤ ਬਹੁਤ ਜਨਮ ਜਨਮਾਂਤਰਾਂ ਵਿਖੇ ਭਟਕਿਆ।

ਜੋਗ ਹੂ ਭੋਗ ਦੁਖਾਦਿ ਸੁਖਾਦਿਕ ਧਰਮ ਅਧਰਮ ਸੁ ਕਰਮ ਕਮਾਇਓ ।

ਕਿਧਰੇ ਤਾਂ ਜੋਗ ਸਾਧ ਸੁਖਾਦਿਕ ਉਤਮ ਮੱਧਮ ਦਸ਼ਾ ਵਾਲੀਆਂ ਰੰਗ ਰਲੀਆਂ ਮਾਣੀਆਂ ਅਤੇ ਕਿਧਰੇ ਭੋਗਿਆਂ ਭੋਗਾਂ ਬਦਲੇ ਦੁਖਾਦਿ ਆਧੀ ਬ੍ਯਾਧੀ ਉਪਾਧੀ ਰੂਪ ਕਸ਼ਟ ਸਹਾਰੇ; ਜੀਕੂੰ ਜੀਕੂੰ ਕਿ ਇਸ ਨੇ ਸੁਕਰਮ ਆਪਾ ਠਾਨ ਕੇ ਕਰਮ ਕਮਾਏ ਧਰਮ ਪੁੰਨ ਰੂਪ ਤੇ ਅਧਰਮ ਪਾਪ ਰੂਪ।

ਹਾਰਿ ਪਰਿਓ ਸਰਨਾਗਤ ਆਇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ।੪੨੨।

ਇਸ ਭਾਂਤ ਜਨਮ ਜਨਮਾਂਤਰਾਂ ਵਿਚ ਭਟਕ ਕੇ ਜਦ ਹਾਰ ਜਾਂਦਾ ਤੇ ਵੈਰਾਗ ਨੂੰ ਪ੍ਰਾਪਤ ਹੋ ਕੇ ਸਰਣਾਗਤੀ ਭਾਵ ਵਿਖੇ ਆਣ ਪੈਂਦਾ ਹੈ; ਅਰਥਾਤ ਮੈਂ ਆਪਦੀ ਸ਼ਰਣ ਹਾਂ ਐਸੀ ਭਾਵਨਾ ਨਾਲ ਗੁਰੂ ਦੁਆਰੇ ਆਣ ਢਹਿੰਦਾ ਹੈ; ਤਾਂ ਸਤਿਗੁਰਾਂ ਦਾ ਮੁਖ ਦੇਖਣ ਮਾਤ੍ਰ ਤੇ ਹੀ ਗਰੂ ਸੁਖ ਮਹਾਨ ਸੁਖ ਪਰਮਾ ਨੰਦ ਨੂੰ ਪ੍ਰਾਪਤ ਹੋ ਜਾਯਾ ਕਰਦਾ ਹੈ ॥੪੨੨॥