ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 314


ਆਂਧਰੇ ਕਉ ਸਬਦ ਸੁਰਤਿ ਕਰ ਚਰ ਟੇਕ ਬਹਰੈ ਚਰਨ ਕਰ ਦ੍ਰਿਸਟਿ ਸਬਦ ਹੈ ।

ਅੰਨ੍ਹੇ ਆਦਮੀ ਨੂੰ ਤਾਂ ਸਬਦ = ਬਾਣੀ ਬੋਲਨ ਦੀ ਸਾਧਨ ਰਸਨਾ ਸੁਰਤਿ, ਕੰਨਾਂ, ਕਰ ਹੱਥਾਂ ਤਥਾ ਚਰ ਚਰਣਾਂ ਦੀ ਟੇਕ ਸਹਾਰਾ ਥੂਨੀ ਹੁੰਦੀ ਹੈ, ਅਤੇ ਬਹਰੇ ਬੋਲੇ ਮਨੁੱਖ ਨੂੰ ਪੈਰਾਂ ਹੱਥਾਂ, ਅੱਖੀਆਂ ਤਥਾ ਰਸਨਾ ਦੀ।

ਗੂੰਗੈ ਟੇਕ ਚਰ ਕਰ ਦ੍ਰਿਸਟਿ ਸਬਦ ਸੁਰਤਿ ਲਿਵ ਲੂਲੇ ਟੇਕ ਦ੍ਰਿਸਟਿ ਸਬਦ ਸ੍ਰੁਤਿ ਪਦ ਹੈ ।

ਗੁੰਗੇ ਦੀ ਪੈਰਾਂ, ਹੱਥਾਂ, ਅੱਖੀਆਂ, ਰਸਨਾ ਤਥਾ ਕੰਨਾਂ ਦੇ ਸਹਾਰੇ ਵਿਖੇ ਲਿਵ = ਤਾਰ ਹੁੰਦੀ ਹੈ। ਭਾਵ ਉਸ ਨੂੰ ਇਨਾਂ ਅੰਗਾਂ ਦੀ ਸ਼ਕਤੀ ਦਾ ਮਾਨ ਹੁੰਦਾ ਹੈ। ਅਤੇ ਲੂਲੇ ਲੁੰਜੇ = ਹੱਥ ਵੰਜਾਏ ਆਦਮੀ ਦੀ ਥੂਨੀ ਅੱਖਾਂ ਰਸਨਾ, ਕੰਨ ਤਥਾ ਪੈਰ ਹੁੰਦੇ ਹਨ।

ਪਾਗੁਰੇ ਕਉ ਟੇਕ ਦ੍ਰਿਸਟਿ ਸਬਦ ਸੁਰਤਿ ਕਰ ਟੇਕ ਏਕ ਏਕ ਅੰਗ ਹੀਨ ਦੀਨਤਾ ਅਛਦ ਹੈ ।

ਪਿੰਗਲੇ ਨੂੰ ਸਹਾਰਾ ਹੁੰਦਾ ਹੈ ਨੇਤ੍ਰਾਂ ਦਾ ਰਸਨਾ ਦਾ ਤਥਾ ਕੰਨਾਂ ਅਰੁ ਹੱਥਾਂ ਦਾ ਤੇ ਇਸੇ ਕਰ ਕੇ ਹੀ ਇਨਾਂ ਸਾਰਿਆਂ ਜਣਿਆਂ ਦੀ ਇਕੋ ਇੱਕ ਅੰਗ ਤੋਂ ਹੀਣਿਆਂ ਹੋਣ ਕਾਰਣ ਦੀਨਤਾ ਮੁਥੰਜਗੀ ਅਛਦ ਅਛਾਦੀ ਹੋਈ ਢੱਕੀ ਢਕਾਈ ਰਹਿੰਦੀ ਹੈ, ਭਾਵ ਇਨਾਂ ਦੀ ਮੁਥਾਜੀ ਉਪਰ ਪੜਦਾ ਪਿਆ ਰਹਿੰਦਾ ਹੈ।

ਅੰਧ ਗੁੰਗ ਸੁੰਨ ਪੰਗ ਲੁੰਜ ਦੁਖ ਪੁੰਜ ਮਮ ਅੰਤਰ ਕੇ ਅੰਤਰਜਾਮੀ ਪਰਬੀਨ ਸਦ ਹੈ ।੩੧੪।

ਪਰ ਅਖੀਆਂ ਤੋਂ ਅੰਨ੍ਹਾ, ਬੋਲਣੋਂ ਗੁੰਗਾ, ਕੰਨਾਂ ਤੋਂ ਸੁੰਨ ਬੋਲਾ, ਪੈਰਾਂ ਦਾ ਲੂਲਾ ਅਤੇ ਹੱਥਾਂ ਦਾ ਲੁੰਞਾ ਭਾਵ ਸਭ ਤਰ੍ਹਾਂ ਹੀ ਹੀਣਾ ਮੈਂ ਦੁੱਖ ਪੁੰਜ ਸਮੂਲਚਾ ਦੁੱਖ ਰੂਪ ਹੀ ਹਾਂ। ਹਾਂ! ਹੈਗਾ ਹਾਂ ਆਪ ਦਾ ਤੇ ਆਪ ਅੰਦਰ ਦਿਲਾਂ ਦੀਆਂ ਬੁਝਨਹਾਰੇ ਅੰਤਰਯਾਮੀ ਸਰਬਦਾ ਕਾਲ ਹੀ ਪਰਬੀਨ = ਪੂਰਣ ਚੱਤੁਰ ਸ੍ਯਾਣੇ ਸ਼ਕਤੀ ਸੰਪੰਨ ਹੋ ॥੩੧੪॥


Flag Counter