ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 172


ਸੋਵਤ ਪੈ ਸੁਪਨ ਚਰਿਤ ਚਿਤ੍ਰ ਦੇਖੀਓ ਚਾਹੇ ਸਹਜ ਸਮਾਧਿ ਬਿਖੈ ਉਨਮਨੀ ਜੋਤਿ ਹੈ ।

ਸੁੱਤੇ ਪਿਆਂ ਸੁਪਨੇ ਦੀ ਹਾਲਤ ਵਿਚ ਬੀਤੇ ਬਿਰਤਾਂਤ ਦੇ ਚਿੱਤਰ ਦੀ ਜ੍ਯੋਂ ਕੀ ਤ੍ਯੋਂ ਛਬਿ ਵਾ ਮੂਰਤੀ ਨੂੰ ਜੇ ਕੋਈ ਦੇਖਣਾ ਚਾਹੇ ਤਾਂ ਕਦਾਚਿਤ ਨਹੀਂ ਦੇਖ ਸਕਦਾ। ਐਸਾ ਹੀ ਸਹਜ ਇਸਥਿਤੀ ਆਤਮਾ ਪ੍ਰਾਇਣੀ ਟਿਕਾਉ ਅੰਦਰ ਜੋ ਉਨਮਨੀ ਜੋਤ ਦਾ ਸਾਖ੍ਯਾਤ ਚਮਤਕਾਰ ਪ੍ਰਗਟ ਹੋਯਾ ਕਰਦਾ ਹੈ ਓਸ ਦਾ ਬਿਰਤਾਂਤ ਹੈ।

ਸੁਰਾਪਾਨ ਸ੍ਵਾਦ ਮਤਵਾਰਾ ਪ੍ਰਤਿ ਪ੍ਰਸੰਨ ਜਿਉ ਨਿਝਰ ਅਪਾਰ ਧਾਰ ਅਨਭੈ ਉਦੋਤ ਹੈ ।

ਮਦਰਾ ਪੀਨ ਦੇ ਰਸ ਨਾਲ ਮਸਤ ਹੋਏ ਹੋਏ ਅਮਲੀ ਤਾਂਈਂ ਜਿਸ ਤਰ੍ਹਾਂ ਦੀ ਪ੍ਰਸੰਨਤਾ ਪ੍ਰਾਪਤ ਹੋਈ ਹੁੰਦੀ ਹੈ ਉਸ ਨੂੰ ਜੀਕੂੰ ਉਹ ਵਰਨਣ ਬਿਆਨ ਨਹੀਂ ਕਰ ਸਕਦਾ ਤ੍ਯੋਂ ਹੀ ਨਿਰੰਤਰ ਅਪਾਰ ਧਾਰਾ ਅਨੁਭਵੀ ਰਸ ਦੀ ਇਕ ਸਾਰ ਤਾਰ ਵਿਖੇ ਲਿਵਲੀਨਤਾ ਦੇ ਆਨੰਦ ਦਾ ਜੋ ਅਨਭਉ ਪ੍ਰਗਟਿਆ ਕਰਦਾ ਹੈ ਆਖਣ ਵਿਚ ਨਹੀਂ ਆ ਸਕਦਾ।

ਬਾਲਕ ਪੈ ਨਾਦ ਬਾਦ ਸਬਦ ਬਿਧਾਨ ਚਾਹੈ ਅਨਹਦ ਧੁਨਿ ਰੁਨ ਝੁਨ ਸ੍ਰੁਤਿ ਸ੍ਰੋਤ ਹੈ ।

ਬਾਦ ਬਾਜੇ ਦੇ ਸ਼ਬਦ ਦੀ ਨਾਦ ਗੂੰਜ ਧੁਨੀ ਨੂੰ ਜੇ ਚਾਹੇ ਕੋਈ ਬਾਲਕ ਪਾਸੋਂ ਬਿਧਾਨ ਵਰਨਣ ਕਰੌਣੀ ਤਾਂ ਜੀਕੂੰ ਇਹ ਅਸੰਭਵ ਹੈ ਤੀਕੂੰ ਹੀ ਸੁਰਤ ਦ੍ਵਾਰੇ ਸੁਣੀ ਜਾਣ ਹਾਰੀ ਅਨਹਦ ਨਾਦ ਦੀ ਧੁਨੀ ਦੇ ਰੁਣ ਝੁਣਕਾਰ ਦੀ ਵਿਥ੍ਯਾ ਭੀ ਬਾਣੀ ਨਹੀਂ ਕਥਨ ਕਰ ਸਕਦੀ।

ਅਕਥ ਕਥਾ ਬਿਨੋਦ ਸੋਈ ਜਾਨੈ ਜਾ ਮੈ ਬੀਤੈ ਚੰਦਨ ਸੁਗੰਧ ਜਿਉ ਤਰੋਵਰ ਨ ਗੋਤ ਹੈ ।੧੭੨।

ਇਸ ਨਾ ਕਥੇ ਜਾ ਸਕਨ ਵਾਲੇ ਬਿਨੋਦ ਕੌਤਕ ਦੀ ਕਥਾ ਕਹਾਣੀ ਕੇਵਲ ਓਹੋ ਹੀ ਜਾਣ ਸਕਦਾ ਹੈ ਜਿਸ ਦੇ ਨਾਲ ਹੱਡੀਂ ਬੀਤਦੀ ਅਰਥਾਤ ਜਿਸ ਦੇ ਅੰਦਰ ਵਰਤਦੀ ਵਾਪਰਦੀ ਅਨੁਭਉ ਵਿਖੇ ਆਯਾ ਕਰਦੀ ਹੈ ਜਿਸ ਪ੍ਰਕਾਰ ਕਿ ਚੰਨਣ ਦੀ ਸੁਗੰਧੀ। ਬਾਸਨਾ ਨਾਲ ਮਹਿਕ ਕੇ 'ਤਰੋਵਰ ਬਿਰਛ ਨ ਗੋਤ ਹੈ' ਨਹੀਂ ਆਖ ਸਕਦਾ। ਕੇਵਲ ਲਪਟਾਂ ਦ੍ਵਾਰੇ ਆਪਣੇ ਆਪੇ ਦਾ ਚੰਨਣ ਰੂਪ ਹੋ ਜਾਣਾ ਲਖਾਯਾ ਕਰਦਾ ਹੈ, ਐਸਾ ਹੀ ਬ੍ਰਹਮਾਨੰਦ ਨੂੰ ਪ੍ਰਾਪਤ ਹੋਯਾ ਪੁਰਖ ਸਪਸ਼ਟ ਨਹੀਂ ਲਖਾ ਸਕ੍ਯਾ ਕਰਦਾ ॥੧੭੨॥


Flag Counter