ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 85


ਚਰਨ ਸਰਨਿ ਗੁਰ ਭਈ ਨਿਹਚਲ ਮਤਿ ਮਨ ਉਨਮਨ ਲਿਵ ਸਹਜ ਸਮਾਏ ਹੈ ।

ਸਤਿਗੁਰਾਂ ਦੇ ਚਰਣਾਂ ਦੀ ਸਰਣ ਜੋ ਕੋਈ ਆਯਾ ਓਸ ਦੀ ਮਤਿ ਮਨੋ ਬਿਰਤੀ ਨਿਹਚਲ ਅਡੋਲ ਏਕਾਗ੍ਰ ਹੋ ਗਈ ਵਾ ਹੋ ਜਾਂਦੀ ਹੈ, ਅਰੁ ਮਨ ਉਨਮਨ ਬਾਹਰਮੁਖੀ ਭਾਵ ਵੱਲੋਂ ਉਲਟ ਕੇ ਅੰਤਰਮੁਖੀ ਹੋ ਸਹਿਜ ਸਰੂਪ ਨਿਜ ਆਤਮ ਵਿਖੇ ਲਿਵ ਲਗਾ ਕੇ ਸਮਾਏ ਲੀਨ ਹੋ ਜਾਇਆ ਕਰਦਾ ਹੈ।

ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਮਿਲਿ ਪਰਮਦਭੁਤ ਪ੍ਰੇਮ ਨੇਮ ਉਪਜਾਏ ਹੈ ।

ਦ੍ਰਿਸ਼ਟੀ ਅਰੁ ਦਰਸ਼ਨ ਤਥਾ ਸ਼ਬਦ ਅਰੁ ਸੁਰਤਿ ਸੁਨਣਹਾਰੀ ਸ਼ਕਤੀ ਜਿਸ ਟਿਕਾਣੇ ਮਿਲ ਜਾਇਆ ਕਰਦੇ ਹਨ ਅਰਥਾਤ ਦ੍ਰਿਸ਼੍ਯ ਦੇਖਣ ਜੋਗ ਪਦਾਰਥ ਨੂੰ ਤੱਕ ਕੇ ਓਸ ਦੇ ਆਪਾਸ ਪਰਤੋ ਸਮੇਤ ਨਿਗ੍ਹਾ ਦ੍ਰਿਸ਼੍ਟੀ ਅਰੁ ਦੇਖੀ ਹੋਈ ਵਸਤੂ ਦੇ ਦੇਖੇ ਜਾਣ ਦਾ ਗਿਆਨ ਜਿਸ ਅੰਦਰਲੇ ਘਾਟ ਉਪਰ ਹੁੰਦਾ ਹੈ, ਅਤੇ ਕੰਨਾਂ ਦੀ ਸਕਤੀ ਦਾ ਸ਼ਬਦ ਸੁਨਣ ਉਪ੍ਰੰਤ ਸ਼ਬਦ ਤਥਾ ਉਸ ਦੀ ਸੁਨਣਹਾਰੀ ਸ਼ਕਤੀ ਦੇ ਏਕਤਾ ਪੌਣ ਦਾ ਬੋਧ ਜਿਸ ਅੰਦਰਲੇ ਚੇਤਨਤਾ ਦੇ ਘਾਟ ਉੱਤੇ ਹੁੰਦਾ ਹੈ ਓਸਮੇਲ ਦੇ ਅਨੁਭਵ ਕਰਣੇਹਾਰਾ ਜੋ ਪਰਮ ਤੱਤ ਸਰੂਪ, ਇਸ ਤੱਤਾਂ ਦੇ ਰਚੇ ਸ਼ਰੀਰ ਤੋਂ ਨ੍ਯਾਰਾ ਹੈ ਓਸ ਪਰਮ ਅਦਭੁਤ ਸਰੂਪ ਵਿਖੇ ਪਰਚਾ ਪ੍ਰਾਪਤ ਕਰਨ ਦੇ ਪ੍ਰੇਮ ਦਾ ਨੇਮ ਖਿਚਾਉ ਤਾਂਘ ਭਰਿਆ ਟੀਚੇ ਸਿਰ ਦਾ ਲਗਾਉ ਉਤਪੰਨ ਹੋ ਔਂਦਾ ਹੈ।

ਗੁਰਸਿਖ ਸਾਧਸੰਗ ਰੰਗ ਹੁਇ ਤੰਬੋਲ ਰਸ ਪਾਰਸ ਪਰਸਿ ਧਾਤੁ ਕੰਚਨ ਦਿਖਾਏ ਹੈ ।

ਗੁਰੂ ਕੇ ਸਿੱਖਾਂ ਦੀ ਸਾਧ ਸੰਗਤ ਵਿਚ ਬ੍ਰਾਹਮਣ ਖ੍ਯਤ੍ਰੀ ਵੈਸ਼ ਸੂਦਰ ਕੋਈ ਭੀ ਆ ਜਾਵੇ, ਚੂਨਾ ਕੱਥ ਸੁਪਾਰੀ ਸਪਰਸ਼ਨ ਸਾਰ ਪਾਨ ਦੇ ਰਸ ਵਤ ਲਾਲ ਰੰਗ ਸਿੱਖੀ ਸਿਦਕ ਵਾਲਾ ਪ੍ਰੇਮ ਅਵਸ਼੍ਯ ਖਿੜ ਔਂਦਾ ਹੈ ਗੁਰ ਸਿੱਖ ਸੰਗਤ ਕਰ ਕੇ ਬਿਲਕੁਲ ਹੀ ਉਹ ਐਸਾ ਸੱਚਾ ਸਿਖ ਬਣ ਜਾਇਆ ਕਰਦਾ ਹੈ ਜੈਸੀ ਕਿ ਹਰ ਭਾਂਤ ਦੀ ਊਚ ਨੀਚ ਧਾਤੂ ਪਾਰਸ ਨਾਲ ਸਪਰਸ਼ ਕਰ ਕੇ ਸ੍ਵਰਣ।

ਚੰਦਨ ਸੁਗੰਧ ਸੰਧ ਬਾਸਨਾ ਸੁਬਾਸ ਤਾਸ ਅਕਥ ਕਥਾ ਬਿਨੋਦ ਕਹਤ ਨ ਆਏ ਹੈ ।੮੫।

ਅਤੇ ਚੰਦਨ ਦੀ ਸੁਗੰਧੀ ਦੀ ਸੰਧੀ ਜੋੜ ਪ੍ਰਾਪਤ ਕਰ ਕੇ ਵਿਖ੍ਯ ਬਾਸਨਾ ਗ੍ਰਸੇ ਵਾਂਸ ਸਮਾਨ ਹੰਕਾਰੀ ਸੰਸਾਰੀਆਂ ਵਿਚ ਸਿੱਖੀ ਦੀ ਸ੍ਰੇਸ਼ਟ ਸੁਗੰਧੀ ਰੂਪ ਮਹਿਕ ਪ੍ਰਗਟ ਹੋ ਆਯਾ ਕਰਦੀ ਹੈ ਐਸੇ ਸਿੱਖੀ ਪ੍ਰਾਪਤ ਪੁਰਖ ਨੂੰ ਉਹ ਬਿਨੋਦ ਕੌਤੁਕ ਆਨੰਦ ਪ੍ਰਾਪਤ ਹੋਯਾ ਕਰਦਾ ਹੈ ਅਥਵਾ ਸੁਬਾਸ ਤਾਸ ਉਹ ਸਿੱਖੀ ਭਾਵ ਵਾਲੀ ਸ਼ਰਧਾ ਭੌਣੀ ਰੂਪ ਸ੍ਰੇਸ਼ਟ ਸਗੰਧੀ ਦਾ ਤਾਸ ਭੰਡਾਰ ਬਣ ਜਾਯਾ ਕਰਦਾ ਹੈ ਜਿਸ ਦੀ ਕਥਾ ਅਕਥ ਸਰੂਪ ਹੋਣ ਕਰ ਕੇ ਕਹਿਣ ਵਿਚ ਨਹੀਂ ਆ ਸਕਦੀ ਹੈ ॥੮੫॥


Flag Counter