ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 360


ਜੈਸੇ ਤਉ ਸੁਮੇਰ ਊਚ ਅਚਲ ਅਗਮ ਅਤਿ ਪਾਵਕ ਪਵਨ ਜਲ ਬਿਆਪ ਨ ਸਕਤ ਹੈ ।

ਤਉ ਤੈਸੇ ਹੀ ਫੇਰ ਜਿਸ ਪਕਾਰ ਸੁਮੇਰ ਅਚਲ ਪਰਬਤ ਅਤ੍ਯੰਤ ਅਗੰਮ ਅਤੇ ਉੱਚਾ ਹੈ ਤੇ ਇਸੇ ਕਰ ਕੇ ਹੀ ਪਾਵਕ ਅੱਗ ਪੌਣ ਅਤੇ ਪਾਣੀ ਦਾ ਅਸਰ ਓਸ ਉਪਰ ਨਹੀਂ ਵਾਪਰ ਸਕਦਾ।

ਪਾਵਕ ਪ੍ਰਗਾਸ ਤਾਸ ਬਾਨੀ ਚਉਗੁਨੀ ਚੜਤ ਪਉਨ ਗੌਨ ਧੂਰਿ ਦੂਰਿ ਹੋਇ ਚਮਕਤਿ ਹੈ ।

ਅੱਗ ਜੇਕਰ ਪ੍ਰਗਾਸ ਕਰੇ ਉਸ ਸੁਮੇਰੁ ਉਪਰ ਪ੍ਰਚੰਡਤਾ ਵਰਤਾਵੇ ਤਾਂ ਓਸ ਨੂੰ ਚੌਗੁਣੀ ਵੰਨੀ ਚੜ੍ਹਦੀ ਹੈ ਭਾਵ ਉਹ ਚੌਗੁਣਾ ਹੋ ਚਮਕਦਾ ਹੈ। ਅਤੇ ਪੌਣ ਜੇਕਰ ਓਸ ਉਪਰ ਗਉਨ ਕਰੇ ਅਪਣਾ ਹੁੱਲੜ ਚਲਾਵੇ ਤਾਂ ਧੂੜ ਓਸ ਤੋਂ ਦੂਰ ਹੋਣ ਨਾਲ ਓਹ ਅਧਿਕ ਚਮਕਿਆ ਕਰਦਾ ਹੈ।

ਸੰਗਮ ਸਲਲ ਮਲੁ ਧੋਇ ਨਿਰਮਲ ਕਰੈ ਹਰੈ ਦੁਖ ਦੇਖ ਸੁਨਿ ਸੁਜਸ ਬਕਤਿ ਹੈ ।

ਤੇ ਜੇਕਰ ਸਲਿਲ ਜਲ ਦਾ ਸੰਗਮ ਸਮਾਗਮ ਉਸ ਉਪਰ ਆਣ ਮਿਲੇ ਮੋਹਲੇਧਾਰ ਬਰਖਾ ਪੈਣ ਤਾਂ ਸਗੋਂ ਓਸ ਦੀ ਮੈਲ ਧੋਤੀ ਜਾ ਕੇ ਓਸ ਨੂੰ ਨਿਰਮਲ ਸ੍ਵਛ ਬਣਾ ਦਿੱਤਾ ਕਰਦੀ ਹੈ। ਜਿਹੜਾ ਕੋਈ ਭੀ ਐਸੇ ਅਪਦਾ ਆਦਿ ਸਮ੍ਯਾਂ ਉਪਰ ਭੀ ਅਹਿੱਲ ਅਡੋਲ ਰਹਿਣ ਵਾਲੇ ਤੇ ਉਲਟਾ ਇਨਾਂ ਆਫਤਾਂ ਤੋਂ ਦ੍ਰਿੜ੍ਹਤਾ ਗ੍ਰਹਣ ਕਰ ਵਾਲੇ ਸ੍ਵਰਣ ਦੇ ਪਰਬਤ ਸੁਮੇਰੂ ਨੂੰ ਦੇਖ ਲਵੇ ਸੁਣ ਲਵੇ ਯਾ ਇਸ ਦੇ ਸੁਜਸ ਨੂੰ ਵਰਨਣ ਕਰੇ ਓਸ ਦੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਮਾਨੋ ਐਸਾ ਸੁੱਧ ਅਰੁ ਪ੍ਰਭਾਵਵਾਨ ਇਹ ਹੈ।

ਤੈਸੇ ਗੁਰਸਿਖ ਜੋਗੀ ਤ੍ਰਿਗੁਨ ਅਚੀਤ ਚੀਤ ਸ੍ਰੀ ਗੁਰ ਸਬਦ ਰਸ ਅੰਮ੍ਰਿਤ ਛਕਤਿ ਹੈ ।੩੬੦।

ਤਿਸ ਸੁਮੇਰ ਪਰਬਤ ਦੀ ਨਯਾਈਂ ਹੀ ਓਸ ਵਾਹਗੁਰੂ ਅੰਤਰਯਾਮੀ ਸਤਿਗੁਰੂ ਦੇ ਸਰੂਪ ਵਿਚ ਜੜਯਾ ਹੋਯਾ ਸਿੱਖ ਤਿੰਨਾਂ ਦੇ ਪ੍ਰਭਾਵ ਪੈਣੋਂ ਅਸਪਰਸ਼ ਚਿੱਤ ਵਾਲਾ ਸ੍ਰੀ ਗੁਰੂ ਮਹਾਰਾਜ ਦੇ ਰਸ ਰੂਪ ਅੰਮ੍ਰਿਤ ਨੂੰ ਜਿਸ ਨੇ ਛਕਿਆ ਪੀਤਾ ਹੋਯਾ ਹੈ ਵਾ ਸ਼ਬਦ ਰਸ ਰੂਪ ਅੰਮ੍ਰਿਤ ਨਾਲ ਛਕਿਆ ਅਘਾਯਾ ਹੋਯਾ ਸਿੱਖ ਸਮਝੋ ਭਾਵ ਗੁਰੂ ਕੇ ਸਿੱਖ ਭੀ ਸੁਮੇਰ ਪਰਬਤ ਦੀ ਨ੍ਯਾਈਂ ਦੁੱਖਾਂ ਦੇ ਪ੍ਰਾਪਤ ਹੋਇਆਂ ਕੇਵਲ ਅਡੋਲ ਹੀ ਨਹੀਂ ਰਹਿੰਦੇ ਸਗਮਾਂ ਸ਼ਬਦ ਰਸ ਵਿਚ ਅਧਿਕ ਤੋਂ ਅਧਿਕ ਹੀ ਛਕਿਆ ਤੇ ਆਪਣੀ ਸਿਖੀ ਦੀ ਦਮਕ ਵਿਚ ਦਮਕਿਆ ਕਰਦੇ ਹਨ ॥੩੬੦॥


Flag Counter