ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 490


ਪ੍ਰਗਟਿ ਸੰਸਾਰ ਬਿਬਿਚਾਰ ਕਰੈ ਗਨਿਕਾ ਪੈ ਤਾਹਿ ਲੋਗ ਬੇਦ ਅਰੁ ਗਿਆਨ ਕੀ ਨ ਕਾਨਿ ਹੈ ।

ਸੰਸਾਰ ਲੋਕ ਪ੍ਰਤੱਖ ਹੀ ਵੇਸਵਾ ਪਾਸ ਜਾ ਕੇ ਓਸ ਨਾਲ ਬਿਭਚਾਰ ਭ੍ਰਿਸ਼ਟਾਚਾਰ ਕਰਦੇ ਹਨ ਅਰੁ ਤਿਸ ਨੂੰ ਲੋਕਾਂ ਅਰੁ ਬੇਦਾਂ ਦੇ ਗਿਆਨ ਧਰਮ ਦੀ ਕੋਈ ਕਾਨ ਲਜਾ ਸ਼ਰਮ ਨਹੀਂ ਹੁੰਦੀ॥

ਕੁਲਾਬਧੂ ਛਾਡਿ ਭਰਤਾਰ ਆਨ ਦੁਆਰ ਜਾਇ ਲਾਛਨੁ ਲਗਾਵੈ ਕੁਲ ਅੰਕੁਸ ਨ ਮਾਨਿ ਹੈ ।

ਪਰ ਜੇ ਕੁਲਵੰਤੀ ਇਸਤ੍ਰੀ ਭਰਤੇ ਨੂੰ ਰਮਨਾ ਛੱਡ ਕੇ ਹੋਰ ਬੂਹੇ ਤੇ ਜਾਵੇ ਤਾਂ ਕੁਲ ਦੇ ਧਰਮ ਰੂਪ ਕੁੰਡੇ ਨੂੰ ਨਾ ਮੰਨਣਹਾਰੀ ਕੁਲਾ ਧਰਮ ਦੀ ਨਿਆਦਰੀ ਕਰਤਾ ਉਹ ਆਪਣੇ ਕੁਲ ਨੂੰ ਵੱਟਾ ਲਾਇਆ ਕਰਦੀ ਹੈ।

ਕਪਟ ਸਨੇਹੀ ਬਗ ਧਿਆਨ ਆਨ ਸਰ ਫਿਰੈ ਮਾਨਸਰ ਛਾਡੈ ਹੰਸੁ ਬੰਸੁ ਮੈ ਅਗਿਆਨ ਹੈ ।

ਇਸੇ ਤਰ੍ਹਾਂ ਬਗ ਧਿਆਨੀਆ ਕਪਟ ਸਨੇਹੀ ਨਾਮ ਧਰਕੀ ਹੰਸ = ਸਿੱਖ ਪਿਆ ਹੋਰ ਹੋਰ ਸਰਾਂ ਉਪਰ ਫਿਰਦਾ ਰਹੇ ਹੋਰ ਦੇਵਾਂ ਨੂੰ ਸੇਵਨ ਖਾਤਰ ਟੱਕਰਾਂ ਮਾਰਦਾ ਫਿਰੇ ਪਰ ਜੇਕਰ ਹੰਸਾਂ ਸਿੱਖਾਂ ਦੀ ਬੰਸ ਵਿਚ ਉਪਜਿਆ ਕੋਈ ਮਾਨਸਰ ਗੁਰ ਸੰਗਤਿ ਨੂੰ ਤ੍ਯਾਗ ਦੇਵੇ ਤਾਂ ਉਹ ਭਾਰਾ ਮੂਰਖ ਅਗ੍ਯਾਨੀ ਹੁੰਦਾ ਹੈ, ਭਾਵ ਓਸ ਵਰਗਾ ਮੂਰਖ ਅਗ੍ਯਾਨੀ ਕੋਈ ਨਹੀਂ ਹੋ ਸਕਦਾ।

ਗੁਰਮੁਖਿ ਮਨਮੁਖ ਦੁਰਮਤਿ ਗੁਰਮਤਿ ਪਰ ਤਨ ਧਨ ਲੇਪ ਨਿਰਲੇਪੁ ਧਿਆਨ ਹੈ ।੪੯੦।

ਤਾਂ ਤੇ ਗੁਰਮੁਖਿ ਗੁਰ ਸੇਵਾ ਕਾਰਣ ਗੁਰਮਤ ਪਾਲਨ ਖਾਤਰ ਪਰਾਏ ਤਨ ਧਨ ਵੱਲੋਂ ਸਭ ਪ੍ਰਕਾਰ ਨਿਰਲੇਪ ਰਹਿਣ ਦਾ ਧਿਆਨ ਰਖਦੇ ਹਨ, ਲੇਪ ਲਗਨੋਂ ਸਾਵਧਾਨ ਰਹਿੰਦੇ ਹਨ ਅਤੇ ਮਨਮੁਖ ਆਨ ਦੇਵ ਸੇਵ ਕਾਰਣ ਦੁਰਮਤਿ ਦੇ ਮਾਰੇ ਪਰ ਤਨ ਪਰ ਧਨ ਵਿਖੇ ਲਿਪਾਯਮਾਨ ਪਰਚੇ ਰਹਿਣ ਦਾ ਹੀ ਧਿਆਨ ਰਖਦੇ ਹਨ, ਭਾਵ ਓਨ੍ਹਾਂ ਨੂੰ ਹਰ ਸਮਯ ਏਹੋ ਹੀ ਤਾਂਘ ਲਗੀ ਰਹਿੰਦੀ ਹੈ ॥੪੯੦॥


Flag Counter