ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 64


ਗੁਰਮੁਖਿ ਮਨ ਬਚ ਕਰਮ ਇਕਤ੍ਰ ਭਏ ਪਰਮਦਭੁਤ ਗਤਿ ਅਲਖ ਲਖਾਏ ਹੈ ।

ਮਨ ਬਾਣੀ ਸਰੀਰ ਕਰ ਕੇ ਇਕਤ੍ਰ ਏਕਤਾ ਭਾਵ ਵਿਖੇ ਪ੍ਰਾਪਤ ਹੋ ਕੇ ਗੁਰਮੁਖ ਅਲਖ ਸਰੂਪੀ ਪਰਮ ਅਦਭੁਤ ਗਤੀ ਅਵਸਥਾ ਯਾ ਗ੍ਯਾਨ ਨੂੰ ਲਖਾਏ ਹੈ ਅਨੁਭਵ ਕਰਿਆ ਕਰਦਾ ਹੈ।

ਅੰਤਰ ਧਿਆਨ ਦਿਬ ਜੋਤ ਕੋ ਉਦੋਤੁ ਭਇਓ ਤ੍ਰਿਭਵਨ ਰੂਪ ਘਟ ਅੰਤਰਿ ਦਿਖਾਏ ਹੈ ।

ਇਸੀ ਪ੍ਰਕਾਰ ਅੰਦਰ ਇਕ ਸਰੂਪੀ ਦਰਸ਼ਨ ਦੇ ਧਿਆਨ ਵਿਚ ਸਭ ਤਰ੍ਹਾਂ ਵਰਤਦਿਆਂ ਹੋਯਾਂ ਦਿਬ੍ਯ ਜੋਤ ਉਪਮਾ ਤੋਂ ਰਹਿਤ ਪਰਮ ਮਨੋਹਰ ਪ੍ਰਕਾਸ਼ ਪ੍ਰਮਾਤਮਾ ਦਾ ਉਦੋਤ ਭਇਓ ਉਦੇ ਹੋ ਔਂਦਾ ਸਾਖ੍ਯਾਤਕਾਰਤਾ ਨੂੰ ਪ੍ਰਾਪਤ ਹੋਯਾ ਕਰਦਾ ਹੈ ਜਿਸ ਕਰ ਕੇ ਘਟ ਅੰਤਰ ਸਰੀਰ ਦੇ ਅੰਦਰ ਅੰਦਰ ਹੀ ਤ੍ਰਿਭਵਨ ਰੂਪ ਤ੍ਰਿਲੋਕੀ ਦੇ ਅੰਦਰ ਵਰਤਣਹਾਰੇ ਸਰਬਤ ਰੂਪ ਵਾ ਅਕਾਸ਼ ਪਤਾਲ ਮਾਤ ਲੋਕ, ਅੰਦਰ ਵਰਤਣਹਾਰੇ ਸਮੂਹ ਨਜ਼ਾਰੇ ਚਮਤਕਾਰ ਪ੍ਰਤੱਖ ਦਿਸ ਆਯਾ ਕਰਦੇ ਹਨ।

ਪਰਮ ਨਿਧਾਨ ਗੁਰ ਗਿਆਨ ਕੋ ਪ੍ਰਗਾਸੁ ਭਇਓ ਗੰਮਿਤਾ ਤ੍ਰਿਕਾਲ ਗਤਿ ਜਤਨ ਜਤਾਏ ਹੈ ।

ਜਿਸ ਪ੍ਰਕਾਰ ਆਕਾਸ ਪਾਤਾਲ ਅਰੁ ਮਾਤ ਲੋਕ ਦੇ ਪਸਾਰੇ ਦਿਖਾਈ ਦੇਣ ਲਗ ਪੈਂਦੇ ਹਨ ਤਿਸੀ ਪ੍ਰਕਾਰ ਜਦ ਨਿਧੀਆਂ ਦਾ ਪਰਮ ਅਸਥਾਨ ਕਾਰਣ ਰੂਪ ਗੁਰ ਗਿਆਨ ਅੰਦਰ ਪ੍ਰਗਾਸ ਪ੍ਰਗਟ ਹੋਇਆ ਕਰਦਾ ਹੈ, ਤਾਂ ਤ੍ਰਿਕਾਲ ਗਤਿ ਤਿੰਨ ਕਾਲਾਂ ਭੂਤ ਭਵਿਖ੍ਯਤ ਵਰਤਮਾਨ ਦੀ ਦ੍ਰਿਸ਼ਟੀ ਦੀ ਗੰਮਤਾ ਪਹੁੰਚ ਪ੍ਰਾਪਤੀ ਹੋ ਔਂਦੀ ਹੈ। ਅਰੁ ਏਹੋ ਹੀ ਜਤਨ ਸਾਧਨ ਗ੍ਯਾਨ ਜਤਾਏ ਹੈ ਵਾਹਗੁਰੂ ਵਿਚ ਜੋੜੀ ਰਖ੍ਯਾ ਕਰਦਾ ਹੈ ਭਾਵ ਤ੍ਰਿਲੋਕੀ ਦੀ ਅਰੁ ਤ੍ਰਿਕਾਲ ਦਰਸ਼ਿਤਾ ਦੀ ਪ੍ਰਾਪਤੀ ਹੋਣ ਕਰ ਕੇ ਇਸ ਚੇਟਕ ਵਿਚ ਭਰਮ ਨਹੀਂ ਜਾਯਾ ਕਰਦਾ, ਬਲਕਿ ਵਾਹਗੁਰੂ ਵਿਚ ਹੀ ਇਸਥਿਤ ਰਿਹਾ ਕਰਦਾ ਹੈ।

ਆਤਮ ਤਰੰਗ ਪ੍ਰੇਮ ਰਸ ਮਧ ਪਾਨ ਮਤ ਅਕਥ ਕਥਾ ਬਿਨੋਦ ਹੇਰਤ ਹਿਰਾਏ ਹੈ ।੬੪।

ਕ੍ਯੋਂਕਿ ਉਹ ਇਸ ਪ੍ਰਕਾਰ ਦੀ ਗੰਮਤਾ ਵਾ ਅਨਭਉ ਨੂੰ ਆਤਮ ਤਰੰਗ ਅਪਨੇ ਅੰਦਰ ਦਾ ਹੀ ਆਤਮਕ ਫੁਰਨਾ ਮਾਤ੍ਰ ਸਮਝ ਕੇ ਪ੍ਰੇਮ ਰਸ ਬ੍ਰਹਮਾਨੰਦ ਰੂਪ ਮਧ ਅੰਮ੍ਰਿਤ ਨਸ਼ੇ ਨੂੰ ਪਾਨ ਛਕ ਕਰ ਕੇ, ਮਤ ਮਸਤ ਸਰਸ਼ਾਰ ਖੀਵਾ, ਹੋਯਾ ਰਹਿੰਦਾ ਹੈ, ਤੇ ਇਹ ਜੋ ਬਿਨੋਦ ਕੌਤੁਕ ਤਮਾਸ਼ਾ ਵਾ ਅਨੁਭਵੀ ਲੀਲ੍ਹਾ ਹੈ, ਇਸ ਦੀ ਕਥਾ ਕਹਾਣੀ ਅਕਥ ਕਹਿਣ ਤੋਂ ਬਹੁਤ ਹੀ ਦੂਰ ਹੈ, ਅਰੁ ਜਿਹੜਾ ਕੋਈ ਹੇਰਤ ਇਸ ਨੂੰ ਤੱਕਤਾ ਅਨੁਭਵ ਕਰਦਾ ਹੈ, ਉਹ ਆਪਣੇ ਆਪ ਨੂੰ ਹੀ ਮਾਨੋ ਹਿਰਾਏ ਤੱਕਦਾ ਹੋਯਾ ਅਨੁਭਵ ਕਰਦਾ ਹੈ। ਅਥਵਾ ਜੋ ਆਪੇ ਨੂੰ ਹਿਰਾਏ ਗੁਵਾਏ ਉਕਤ ਧ੍ਯਾਨ ਵਿਚ ਗੁੰਮ ਕਰੇ ਉਹ ਇਸ ਨਾ ਕਹੇ ਜਾਣ ਵਾਲੇ ਕੌਤੁਕ ਦੀ ਕਹਾਣੀ ਨੂੰ ਸਾਮਰਤੱਖ ਤਕ ਪਾਵੇਗਾ ॥੬੪॥