ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 495


ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦਿਓ ਚਾਹੈ ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ ।

ਜਿਸ ਤਰ੍ਹਾਂ ਘਰ ਨੂੰ ਅੱਗ ਲਗਿਆਂ, ਨੀਂਦ ਤੋਂ ਜਾਗਕੇ ਕੋਈ ਖੂਹ ਪੱਟਨਾ ਚਾਹੇ ਤਾਂ ਕਾਰਜ ਸਿੱਧ ਨਹੀਂ ਹੋ ਸਕਦਾ; ਸਗੋਂ ਰੋ ਰੋ ਕੇ ਪਛੋਤਾਵਾ ਹੀ ਕਰਨ ਪੈਂਦਾ ਹੈ ਭਾਵ ਹੌਕੇ ਭਰਣੇ ਪੈਂਦੇ ਹਨ।

ਜੈਸੇ ਤਉ ਸੰਗ੍ਰਾਮ ਸਮੈ ਸੀਖਿਓ ਚਾਹੈ ਬੀਰ ਬਿਦਿਆ ਅਨਿਥਾ ਉਦਮ ਜੈਤ ਪਦਵੀ ਨ ਪਾਈਐ ।

ਫਿਰ ਜਿਸ ਤਰ੍ਹਾਂ ਜੰਗ ਦਾ ਸਮਾਂ ਆਣ ਢੁੱਕਿਆਂ ਕੋਈ ਬੀਰ ਬਿਦ੍ਯਾ ਸ਼ਸਤ੍ਰ ਵਿਦ੍ਯਾ ਸਿੱਖਣੀ ਚਾਹੇ ਤਾਂ ਓਸ ਦਾ ਉਦਮ ਉਲਟਾ ਹੀ ਪਿਆ ਕਰਦਾ ਹੈ ਕ੍ਯੋਂਕਿ ਏਸ ਨਾਲ ਓਸ ਨੂੰ ਕੋਈ ਜਿੱਤ ਵਾਲਾ ਮਰਾਤਬਾ ਫਤਹਯਾਬੀ ਜਿੱਤ ਤਾਂ ਨਹੀਂ ਪ੍ਰਾਪਤ ਹੋ ਸਕੂ।

ਜੈਸੇ ਨਿਸਿ ਸੋਵਤ ਸੰਗਾਤੀ ਚਲਿ ਜਾਤਿ ਪਾਛੇ ਭੋਰ ਭਏ ਭਾਰ ਬਾਧ ਚਲੇ ਕਤ ਜਾਈਐ ।

ਜਿਸ ਤਰ੍ਹਾਂ ਰਾਤ ਸੁੱਤਿਆਂ ਪਿਆਂ ਹੀ ਸਾਥੀ ਯਾਤ੍ਰੂ ਲੋਗ ਉਠ ਤੁਰੇ ਹੋਣ ਤੇ ਇਹ ਪਿਛੋਂ ਪ੍ਰਭਾਤ ਹੋਇਆਂ ਉਠ ਕੇ ਪੰਡ ਬੰਨ ਤੁਰੇ ਤਾਂ ਕਿਧਰ ਤੁਰ ਕੇ ਜਾਊ? ਭਾਵ ਚੋਰਾਂ ਧਾੜਵੀਆਂ ਦਾ ਹੀ ਸ਼ਿਕਾਰ ਹੋਊ, ਧੁਰ ਮਜਲੇ ਨਹੀਂ ਪੁਗ ਸਕੇਗਾ।

ਤੈਸੇ ਮਾਇਆ ਧੰਧ ਅੰਧ ਅਵਧਿ ਬਿਹਾਇ ਜਾਇ ਅੰਤਕਾਲ ਕੈਸੇ ਹਰਿ ਨਾਮ ਲਿਵ ਲਾਈਐ ।੪੯੫।

ਤਿਸੀ ਪ੍ਰਕਾਰ ਮਾਇਆ ਦਿਆਂ ਧੰਧਿਆਂ ਵਿਚ ਅੰਧਾ ਧੁੰਦ ਅਵਧਿ ਉਮਰ ਬੀਤੀ ਜਾ ਰਹੀ ਹੈ ਜੋ ਅੰਤ ਦੇ ਸਮੇਂ ਮਰਣ ਲਗਿਆਂ ਇਹ ਚਾਹੇ ਤਾਂ ਕਿਸ ਤਰ੍ਹਾਂ ਹਰੀ ਨਾਮ ਵਿਚ ਲਿਵ ਲਗਾਈ ਜਾ ਸਕੂ ਭਾਵ ਆਨ ਦੇਵ ਸੇਵਕ ਕ੍ਯੋਂ ਸ਼ੀਘਰ ਹੀ ਗੁਰੂ ਕੀ ਸ਼ਰਣ ਨਹੀ ਔਂਦੇ ਸਮਾਂ ਗੁਜ਼ਰੇ ਪਿੱਛੇ ਕੁਛ ਨਹੀਂ ਸਰ ਬਣ ਔਣਾ ॥੪੯੫॥


Flag Counter