ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 376


ਜੈਸੇ ਸਰਿ ਸਰਿਤਾ ਸਕਲ ਮੈ ਸਮੁੰਦ੍ਰ ਬਡੋ ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ ।

ਜਿਸ ਪ੍ਰਕਾਰ ਤਲਾਵਾਂ ਨਦੀਆਂ ਵਿਖੇ ਸਭਨਾਂ ਵਿਚੋਂ ਸਮੁੰਦ੍ਰ ਵਡਾ ਹੈ, ਅਤੇ ਪਰਬਤਾਂ ਵਿਚੋਂ ਜਗਤ ਭਰ ਸੁਮੇਰ ਪਰਬਤ ਨੂੰ ਵਡਾ ਆਖਦਾ ਹੈ।

ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ ਧਾਤੁ ਮੈ ਕਨਕ ਅਤਿ ਉਤਮ ਕੈ ਮਾਨ ਹੈ ।

ਬਿਰਛਾਂ ਵਿਚੋਂ ਜਿਸ ਭਾਂਤ ਚੰਨਣ ਦਾ ਬਿਰਛ ਵਡਾ ਸ੍ਰੇਸ਼ਟ ਹੈ ਤੇ ਧਾਤੂਆਂ ਵਿਚੋਂ ਸੋਨੇ ਨੂੰ ਅਤੀ ਉਤਮ ਕਰ ਕੇ ਮੰਨਿਆ ਜਾਂਦਾ ਹੈ।

ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ ਰਾਗਨ ਮੈ ਸਿਰੀਰਾਗੁ ਪਾਰਸ ਪਖਾਨ ਹੈ ।

ਪੰਛੀਆਂ ਵਿਚੋਂ ਹੰਸ, ਮ੍ਰਿਗ ਚਿਤ੍ਰੇ, ਲਗੜ, ਸ਼ੇਰ ਆਦਿ ਵਿਚੋਂ ਸਾਰਦੂਲ ਸਿਘ ਕੇਸਰੀ ਸ਼ੇਰ ਅਰੁ ਰਾਗਾਂ ਵਿਚੋਂ ਸਿਰੀ ਰਾਗ ਤੇ ਪੱਥਰਾਂ ਵਿਚੋਂ ਪਾਰਸ ਵਡਾ ਹੈ।

ਗਿਆਨਨ ਮੈ ਗਿਆਨੁ ਅਰੁ ਧਿਆਨਨ ਮੈ ਧਿਆਨ ਗੁਰ ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ ।੩੭੬।

ਲੌਕਿਕ, ਸ਼ਾਸਤ੍ਰਿਕ ਵਾ ਬੇਦਿਕ ਆਦਿ ਸਮੂਹ ਗ੍ਯਾਨਾਂ ਵਿਚੋਂ ਗੁਰੂ ਗ੍ਯਾਨ, ਤਥਾ ਸੂਰਜ ਚੰਦ੍ਰਆਦਿ ਦੇਵ ਧ੍ਯਾਨਾਂ ਵਿਚੋਂ ਗੁਰੂ ਇਸ਼ਟ ਦੇਵ ਦਾ ਧ੍ਯਾਨ ਸ੍ਰੇਸ਼ਟ ਹੁੰਦਾ ਹੈ, ਤੀਕੂੰ ਹੀ ਸਮੂਹ ਧਰਮਾਂ ਵਿਚੋਂ ਗ੍ਰਿਹਸਥ ਧਰਮ ਪ੍ਰਧਾਨ ਮੁਖ੍ਯ ਅਤ੍ਯੰਤ ਉਤਮ ਹੈ ॥੩੭੬॥


Flag Counter