ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 162


ਸਾਗਰ ਮਥਤ ਜੈਸੇ ਨਿਕਸੇ ਅੰਮ੍ਰਿਤ ਬਿਖੁ ਪਰਉਪਕਾਰ ਨ ਬਿਕਾਰ ਸਮਸਰਿ ਹੈ ।

ਸਮੁੰਦਰ ਨੂੰ ਦੇਵਤਿਆਂ ਦੈਂਤਾਂ ਦੇ ਆਪੋ ਵਿਚ ਮਿਲ ਬਾਸ਼ਕੀ ਨਾਗ ਦ੍ਵਾਰੇ ਮੰਦ੍ਰਾਚਲ ਪਰਬਤ ਦੀ ਮਧਾਨੀ ਬਣਾ ਮਥਨ ਕਰਦਿਆਂ ਰਿੜਕਦਿਆਂ ਹੋਇਆਂ ਜਿਸ ਭਾਂਤ ਅੰਮ੍ਰਿਤ ਤੇ ਵਿਹੁ ਨਿਕਲੇ ਸਨ। ਇੱਕੋ ਟਿਕਾਣਿਓਂ ਪ੍ਰਗਟ ਹੋ ਕੇ ਭੀ ਪਰਉਪਕਾਰ ਦਾ ਕਾਰਣ ਹੋਣ ਕਰ ਕੇ ਅੰਮ੍ਰਿਤ ਦੀ ਅਤੇ ਬਿਕਾਰ ਬਿਗਾੜੂ ਸੁਭਾਵ ਕਰ ਕੇ ਵਿਹੁ ਦੀ ਬਰੋਬਰੀ ਨਹੀਂ ਹੋ ਸਕਦੀ ਭਾਵ ਇਕੋ ਜੇਹੇ ਨਹੀਂ ਹੋ ਸਕਦੇ।

ਬਿਖੁ ਅਚਵਤ ਹੋਤ ਰਤਨ ਬਿਨਾਸ ਕਾਲ ਅਚਏ ਅੰਮ੍ਰਿਤ ਮੂਏ ਜੀਵਤ ਅਮਰ ਹੈ ।

ਕ੍ਯੋਂਕਿ ਰਤਨ ਰੂਪ ਹੁੰਦਿਆਂ ਭੀ ਵਿਹੁ ਜ਼ਹਿਰ ਤਾਂ ਅਚਵਦੇ ਖਾਂਦੇ ਸਾਰ ਹੀ ਮੌਤ ਦਾ ਸਮਾਂ ਲਿਆ ਢੁਕੌਂਦੀ ਹੈ ਪਰ ਅੰਮ੍ਰਿਤ ਅਚਏ ਪੀਤਿਆਂ ਮਏ ਹੋਏ ਭੀ ਅਮਰ ਮੌਤ ਰਹਿਤ ਜੀਊਣ ਨੂੰ ਪ੍ਰਾਪਤ ਹੋ ਜਾਂਦੇ ਹਨ।

ਜੈਸੇ ਤਾਰੋ ਤਾਰੀ ਏਕ ਲੋਸਟ ਸੈ ਪ੍ਰਗਟ ਹੁਇ ਬੰਧ ਮੋਖ ਪਦਵੀ ਸੰਸਾਰ ਬਿਸਥਰ ਹੈ ।

ਜਿਸ ਤਰ੍ਹਾਂ ਇਕੋ ਹੀ ਲੋਹੇ ਵਿਚੋਂ ਤਾਲਾ ਜੰਦਰਾ ਤਾਲੀ ਕੁੰਜੀ ਉਤਪੰਨ ਹੁੰਦੀ ਹੈ, ਪ੍ਰੰਤੂ ਇਕੋ ਲੋਹੇ ਦੀ ਓਪਤ ਹੁੰਦੇ ਹੋਏ ਭੀ ਜੰਦਰਾ ਤਾਂ ਸੰਸਾਰ ਵਿਚ ਬੰਧਨ ਦੀ ਪਦਵੀ ਪ੍ਰਤਿਸ਼੍ਟਾ ਮਹਾਨਤਾ ਨੂੰ ਵਿਸਤਾਰਦਾ ਹੈ ਅਤੇ ਤਾਲੀ ਚਾਬੀ ਮੋਖ ਛੁਟਕਾਰੇ ਦੀ ਪਦਵੀ ਮਹੱਤਤਾ ਨੂੰ ਪਸਾਰਿਆ ਕਰਦੀ ਹੈ ਭਾਵ ਜੰਦਰਾ ਜਕੜ ਉਤਪੰਨ ਕਰਨ ਦਾ ਕਾਰਣ ਸੰਸਾਰ ਵਿਚ ਪ੍ਰਸਿੱਧ ਹੈ ਤੇ ਤਾਲੀ ਕੁੰਜੀ ਜਕੜਾਂ ਬੰਧਨਾਂ ਦੀ ਨਿਵਿਰਤੀ ਦਾ ਕਾਰਣ।

ਤੈਸੇ ਹੀ ਅਸਾਧ ਸਾਧ ਸਨ ਅਉ ਮਜੀਠ ਗਤਿ ਗੁਰਮਤਿ ਦੁਰਮਤਿ ਟੇਵਸੈ ਨ ਟਰ ਹੈ ।੧੬੨।

ਤਿਸੀ ਪ੍ਰਕਾਰ ਹੀ ਸੰਸਾਰ ਵਿਖੇ ਸਨ ਅਤੇ ਮਜੀਠ ਦੀ ਗਤਿ ਚਾਲ ਵਤ ਅਸਾਧ ਤੇ ਸਾਧ ਸਮਝੋ ਅਰਥਾਤ ਸਨ ਸਭ ਤਰ੍ਹਾਂ ਨਾਲ ਨਰੜਾਂ ਦੀ ਕਾਰਣ ਹੈ, ਤੇ ਮਜੀਠ ਰੰਗੀਲੀ ਸ਼ੋਭਾ ਦੀ ਅਸਥਾਨ ਕਾਰਣ ਜਿਸ ਪ੍ਰਕਾਰ ਮੰਨੀ ਜਾ ਰਹੀ ਹੈ, ਤੀਕੂੰ ਹੀ ਅਸਾਧ ਦੁਸ਼ਟ ਪੁਰਖ ਦੁੱਖਾਂ ਦਾ ਕਾਰਣ ਤੇ ਸਾਧ ਸ਼੍ਰੇਸ਼ਟ ਪੁਰਖ ਗੁਰਮੁਖ ਸੁਖਾਂ ਮੋਖ ਦਾ ਕਾਰਣ ਹੁੰਦੇ ਹਨ। ਗੱਲ ਕੀਹ ਕਿ ਜਿਹੀ ਜਿਹੀ ਬਾਣ ਜਿਸ ਜਿਸ ਨੂੰ ਪੈ ਰਹੀ ਹੈ ਗੁਰਮਤਿ ਵਾਲਾ ਗੁਰਮੁਖ ਗੁਰਮਤਿ ਵਾਲੀ ਤੇ ਦੁਰਮਤਿ ਵਾਲਾ ਮਨਮੁਖ ਦੁਰਮਤਿ ਵਾਲੀ ਵਾਦੀ ਤੋਂ ਨਹੀਂ ਟਲਿਆ ਕਰਦਾ ॥੧੬੨॥


Flag Counter