ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 449


ਨਾਰ ਕੈ ਭਤਾਰ ਕੈ ਸਨੇਹ ਪਤਿਬ੍ਰਤਾ ਹੁਇ ਗੁਰਸਿਖ ਏਕ ਟੇਕ ਪਤਿਬ੍ਰਤ ਲੀਨ ਹੈ ।

ਜਿਸ ਤਰ੍ਹਾਂ ਨਾਰੀ ਕਰ ਕੇ ਇਸਤ੍ਰੀ ਭਾਵ ਨਾਲ ਭਰਤਾ ਦੇ ਹੀ ਸਨੇਹ ਪ੍ਯਾਰ ਪ੍ਰਾਇਣ ਰਹਿਣ ਵਾਲੀ ਪਤਿਬ੍ਰਤਾ ਇਸਤ੍ਰੀ ਹੁੰਦੀ ਹੈ; ਇਸਤ੍ਰੀ ਹੁੰਦੀ ਹੈ; ਇਸੇ ਤਰ੍ਹਾਂ ਸਿੱਖ ਭੀ ਪਤੀ ਗੁਰੂ ਮਹਾਰਾਜ ਨੂੰ ਹੀ ਸ੍ਵਾਮੀ ਭਰਤਾ ਰਖਵਾਲਾ ਇਸ਼ਟ ਦੇਵਤਾ ਮੰਨ ਕੇ; ਇਸੇ ਹੀ ਬ੍ਰਤ ਸੰਜਮ ਪ੍ਰਣ ਦੀ ਇਕ ਮਾਤ੍ਰ ਟੇਕ ਓਟ ਵਿਚ ਲੀਨ ਰਹਿੰਦਾ ਹੈ ਭਾਵ ਹੋਰ ਕਿਸੇ ਦੇਵਤਾ ਦੇ ਸਹਾਰੇ ਨਹੀਂ ਪਰਚਦਾ।

ਰਾਗ ਨਾਦ ਬਾਦ ਅਉ ਸੰਬਾਦ ਪਤਿਬ੍ਰਤ ਹੁਇ ਬਿਨੁ ਗੁਰ ਸਬਦ ਨ ਕਾਨ ਸਿਖ ਦੀਨ ਹੈ ।

ਦੂਸਰਿਆਂ ਦੇ ਗਾਵਿਆਂ ਗੀਤਾਂ ਰੂਪ ਰਾਗ; ਤਥਾ ਅਪਣੀ ਰਸਨਾ ਦ੍ਵਾਰੇ ਉਚਾਰੇ ਨਾਦ ਰੂਪ ਆਲਾਪ ਗੌਣਾਂ ਅਤੇ ਬਾਦ ਢੋਲਕ ਆਦਿ ਵਜਦਿਆਂ ਤਥਾ ਕੁੜੀਆਂ ਤੀਵੀਆਂ ਆਦਿ ਨਾਲ ਗੱਲਾਂ ਬਾਤਾਂ ਕਰਨ ਰੂਪ ਸੰਬਾਦ ਵਿਖੇ ਜੋ ਇਕ ਮਾਤ੍ਰ ਆਪਣੇ ਪਤੀ ਨੂੰ ਹੀ ਨਿਸ਼ਾਨਾ ਅਪਣਾ ਥਾਪੀ ਰਖਦੀ ਹੈ; ਭਾਵ ਸਭ ਪ੍ਰਕਾਰ ਦੇ ਹੋਰ ਹੋਰ ਕੰਨ ਰਸੀ ਪਰਚਿਆਂ ਨੂੰ ਪਤੀ ਬਾਝੋਂ ਜਿਸ ਨੇ ਬ੍ਯਰਥ ਸਮਝ ਲਿਆ ਹੈ; ਉਹ ਪਤਿਬ੍ਰਤਾ ਜੀਕੂੰ ਹੁੰਦੀ ਹੈ ਤੀਕੂੰ ਹੀ ਗੁਰੂ ਕਾ ਸਿੱਖ ਭੀ ਗੁਰ ਸ਼ਬਦ ਬਿਨਾਂ ਹੋਰ ਬ੍ਯਰਥ ਬਚਨ ਬਿਲਾਸ ਵੱਲ ਕੰਨ ਨਹੀਂ ਦਿਆ ਕਰਦਾ।

ਰੂਪ ਰੰਗ ਅੰਗ ਸਰਬੰਗ ਹੇਰੇ ਪਤਿਬ੍ਰਤਾ ਆਨ ਦੇਵ ਸੇਵਕ ਨ ਦਰਸਨ ਕੀਨ ਹੈ ।

ਜਿਸ ਤਰ੍ਹਾਂ ਪਤੀ ਦਾ ਹੀ ਰੂਪ ਤੱਕਨਾ ਨੇਤ੍ਰ ਭਰ ਕੇ ਸੂਰਤ ਦੇਖਣੀ ਤੇ ਪਤੀ ਦਾ ਹੀ ਰੰਗ ਸੁਹਣੱਪ ਪਰਖਨਾ; ਤਥਾ ਉਸ ਦਿਆਂ ਹੀ ਅੰਗਾਂ ਨੂੰ ਸਰਬੰਗ ਸਮੂਲਚੇ ਭਾਵ ਨਾਲ ਨਿਗ੍ਹਾ ਵਿਚ ਲਿਔਣਾ ਇਹ ਇਸਤ੍ਰੀ ਦਾ ਬ੍ਰਤ ਪ੍ਰਣ ਹੁੰਦਾ ਹੈ; ਐਸੇ ਹੀ ਪਤੀ ਬ੍ਰਤ ਸਮਾਨ ਗੁਰੂ ਕਾ ਸਿੱਖ ਭੀ ਨਾ ਤਾਂ ਅਨ ਦੇਵਤਾ ਨੂੰ ਹੀ ਤੇ ਨਾ ਹੀ ਪਰ ਦੇਵਤਿਆਂ ਦੇ ਸੇਵਕ ਉਪਾਸ਼ਕਾਂ ਆਦਿ ਦਾ ਦਰਸ਼ਨ ਕਰਦਾ ਹੈ।

ਸੁਜਨ ਕੁਟੰਬ ਗ੍ਰਿਹਿ ਗਉਨ ਕਰੈ ਪਤਿਬ੍ਰਤਾ ਆਨ ਦੇਵ ਸਥਾਨ ਜੈਸੇ ਜਲਿ ਬਿਨੁ ਮੀਨ ਹੈ ।੪੪੯।

ਹਾਂ! ਜਿਸ ਪ੍ਰਕਾਰ ਪਤਿਬ੍ਰਤਾ ਇਸਤ੍ਰੀ ਆਪਣੇ ਸਰਬੰਧੀਆਂ ਕੋੜਮੇ ਕੁਟੰਬ ਆਦਿ ਦੇ ਘਰੀਂ ਤਾਂ ਗਮਨ ਕਰਦੀ ਹੈ; ਭਾਵ ਭਾਈਚਾਰਿਕ ਠਾਠ, ਦਾ ਸਰੰਜਾਮ ਪਤੀ ਪ੍ਰਸੰਨਤਾ ਦਾ ਹੇਤੂ ਜਾਣ ਸਭ ਪ੍ਰਕਾਰ ਭੁਗਤੌਂਦੀ ਹੈ; ਪਰ ਦੂਸਰਿਆਂ ਲੋਕਾਂ ਦੇ ਘਰੀਂ ਕਦਾਚਿਤ ਫੇਰਾ ਨਹੀਂ ਕਰਦੀ; ਇਸੇ ਪ੍ਰਕਾਰ ਗੁਰਸਿੱਖ ਭੀ ਗੁਰਦ੍ਵਾਰਿਆਂ; ਗੁਰਸਥਾਨਾਂ; ਗੁਰ ਸਿੱਖ ਆਸ਼ਰਮਾਂ ਧਰਮ ਸਾਲਾ ਆਦਿ ਵਿਖੇ ਜਾਣ ਤੋਂ ਛੁੱਟ ਆਨ ਦੇਵ ਸਥਾਨ ਠਾਕੁਰ ਦ੍ਵਾਰੇ; ਸ਼ਿਵਾਲੇ ਆਦਿ ਜਾਣਾ ਪਾਣੀ ਬਿਨਾਂ ਮਛੀ ਦੇ ਮਰਣ ਤੁੱਲ ਦੁਖਦਾਈ ਸਮਝਦਾ ਹੈ ॥੪੪੯॥


Flag Counter