ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 343


ਸਤਿਰੂਪ ਸਤਿਗੁਰ ਪੂਰਨ ਬ੍ਰਹਮ ਧਿਆਨ ਸਤਿਨਾਮੁ ਸਤਿਗੁਰ ਤੇ ਪਾਰਬ੍ਰਹਮ ਹੈ ।

ਸਤਿਗੁਰੂ ਦਾ ਰੂਪ ਦਰਸ਼ਨ ਸਤ੍ਯ ਸਰੂਪ ਹੈ, ਤੇ ਏਹੋ ਹੀ ਪੂਰਨ ਬ੍ਰਹਮ ਦਾ ਧ੍ਯਾਨ ਹੈ। ਸਤਿਗੁਰਾਂ ਦਾ ਨਾਮੁ ਉਪਦੇਸ੍ਯਾ ਹੋਯਾ ਸਿਮਰਣ ਜੋਗ ਮੰਤ੍ਰ ਸਤ੍ਯ ਸਰੂਪ ਹੈ ਤੇ ਸਤਿ ਸਚਮੁਚ ਏਹ ਨਾਮ ਹੀ ਸਾਖ੍ਯਾਤ ਨਾਮੀ ਸਰੂਪ ਪਾਰਬ੍ਰਹਮ ਹੈ।

ਸਤਿਗੁਰ ਸਬਦ ਅਨਾਹਦ ਬ੍ਰਹਮ ਗਿਆਨ ਗੁਰਮੁਖਿ ਪੰਥ ਸਤਿ ਗੰਮਿਤਾ ਅਗੰਮ ਹੈ ।

ਅਗੰਮੀ ਧੁਨ ਦੇਰੂਪਾਂ ਵਿਚ ਸੁਤੇ ਹੀ ਲਗ ਜਾਣ ਵਾਲੀ ਨਾਮ ਦੀ ਤਾਰ ਅਨਹਦ ਬਾਣੀ ਰੂਪ ਜੋ ਗੁਰ ਸ਼ਬਦ ਹੈ ਇਹ ਸਤ੍ਯ ਸਰੂਪ ਹੈ ਏਸੇ ਨੂੰ ਹੀ ਸ਼ਬਦ ਬ੍ਰਹਮ ਗ੍ਯਾਨ ਜਾਨੋ ਵਾ ਏਹੀ ਬ੍ਰਹਮ ਗ੍ਯਾਨ ਹੈ। ਐਸਾ ਮਾਰਗ ਜਿਸ ਰਸਤੇ ਤੁਰਿਆਂ ਪ੍ਰਾਪਤ ਹੋਵੇ ਉਹ ਗੁਰਮੁਖੀ ਪੰਥ ਗੁਰੂ ਮਹਾਰਾਜ ਦਾ ਚਲਾਯਾ ਹੋਯਾ ਗੁਰਸਿੱਖੀ ਦਾ ਪੰਥ ਸਤ੍ਯ ਸਰੂਪ ਹੈ, ਸਚਮੁਚ ਹੀ ਇਸ ਵਿਖੇ ਮਿਲ੍ਯਾਂ ਅਗੰਮ ਪਦ ਅਗਮ ਸਰੂਪ ਦੀ ਗੰਮਿਤਾ ਪ੍ਰਾਪਤੀ ਹੋ ਆਯਾ ਕਰਦੀ ਹੈ।

ਗੁਰਸਿਖ ਸਾਧਸੰਗ ਬ੍ਰਹਮ ਸਥਾਨ ਸਤਿ ਕੀਰਤਨ ਸਮੈ ਹੁਇ ਸਾਵਧਾਨ ਸਮ ਹੈ ।

ਗੁਰੂ ਕੇ ਸਿੱਖਾਂ ਦੀ ਸਾਧ ਸੰਗਤ ਸਚਮੁਚ ਹੀ ਬ੍ਰਹਮ ਦਾ ਨਿਵਾਸ ਸਥਾਨ ਸੱਚ ਖੰਡ ਹੈ। ਕ੍ਯੋਂਜੁ ਜਦ ਸਤਿਸੰਗਤ ਦਾ ਠਾਠ ਜੰਮ੍ਯਾ ਹੋਯਾ ਕੀਰਤਨ ਦਾ ਸਮਾਂ ਹੁੰਦਾ ਹੈ, ਓਸ ਵੇਲੇ ਦੇ ਸਮਤਾ ਭਾਵ ਵਿਖੇ ਵਾਹਗੁਰੂ ਦੀ ਏਕਤਾ ਦੀ ਤਾਰ ਵਿਚ ਪਰੁੱਚੇ ਸਭ ਹੀ ਸਾਵਧਾਨ ਵਾਹਗੁਰੂ ਦੀ ਹਜੂਰੀ ਵਿਚ ਜੁੱਟੇ ਹੋਏ ਹੁੰਦੇ ਹਨ। ਆਪੇ ਦੀ ਮਾਨੋ ਕਿਸੇ ਨੂੰ ਸੁੱਧ ਹੀ ਨਹੀਂ ਹੁੰਦੀ, ਤੇ ਅਪ੍ਯੋਂ ਬਾਹਰ ਹੋਏ ਹੋਏ ਉਹ ਸਭ ਇਕ ਬ੍ਰਹਮ ਸਰੂਪ ਹੀ ਦਿਖਾਈ ਦਿੰਦੇ ਹਨ 'ਆਪੁ ਗਇਆ ਤ ਆਪਹਿ ਭਏ ॥'

ਗੁਰਮੁਖਿ ਭਾਵਨੀ ਭਗਤਿ ਭਾਉ ਚਾਉ ਸਤਿ ਸਹਜ ਸੁਭਾਉ ਗੁਰਮੁਖਿ ਨਮੋ ਨਮ ਹੈ ।੩੪੩।

ਇਸੇ ਕਰ ਕੇ ਹੀ ਗੁਰਮੁਖੀ ਭੌਣੀ ਤੇ ਭਗਤੀ ਭਾਵ ਪ੍ਰੇਮ ਭਰ੍ਯਾ ਭਾਵ ਤਥਾ ਚਾਉ ਉਤਸ਼ਾਹ ਸਤ੍ਯ ਸਰੂਪ ਪ੍ਰਵਾਣੇ ਗਏ ਹਨ। ਗੁਰਮੁਖਾਂ ਦਾ ਐਸਾ ਸਹਜੇ ਹੀ ਸੁਭਾਉ ਹੈ ਅਰਥਾਤ ਓਨਾਂ ਦੀ ਐਸੀ ਸੁਭਾਵਿਕੀ ਪ੍ਰਵਿਰਤੀ ਹੁੰਦੀ ਹੈ; ਕੋਈ ਖਾਸ ਸਮੇਂ ਯਾ ਪ੍ਰੇਰਣਾ ਦੀ ਮੁਥਾਜ ਨਹੀਂ, ਸੋ ਐਸਿਆਂ ਗੁਰਮੁਖਾਂ ਤਾਂਈ ਬਾਰੰਬਾਰ ਨਮਸਕਾਰ ਹੈ ॥੩੪੩॥


Flag Counter