ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 596


ਜੈਸੇ ਚੂਨੋ ਖਾਂਡ ਸ੍ਵੇਤ ਏਕਸੇ ਦਿਖਾਈ ਦੇਤ ਪਾਈਐ ਤੌ ਸ੍ਵਾਦ ਰਸ ਰਸਨਾ ਕੈ ਚਾਖੀਐ ।

ਜਿਵੇਂ ਆਟਾ ਤੇ ਖੰਡ ਇਕੋ ਜਿਹੇ ਚਿੱਟੇ ਦਿਖਾਈ ਦਿੰਦੇ ਹਨ, ਪਰ ਜਦ ਜੀਭ ਨਾਲ ਉਨ੍ਹਾਂ ਦਾ ਰਸ ਚੱਖੀਦਾ ਹੈ ਤਾਂ ਉਸ ਸੁਆਦ ਨਾਲ ਫਰਕ ਪਾ ਲਈਦਾ ਹੈ, ਭਾਵ ਮਿੱਠਾ ਹੈ ਕਿ ਫਿੱਕਾ।

ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹ੍ਵੈ ਜਾਨੀਐ ਮਹਤ ਪਾਰਖਦ ਅਗ੍ਰ ਰਾਖੀਐ ।

ਜਿਵੇਂ ਸੋਨੇ ਤੇ ਪਿੱਤਲ ਦਾ ਇਕੋ ਜਿਹਾ ਪੀਲਾ ਹੀ ਰੰਗ ਹੁੰਦਾ ਹੈ, ਪਰ ਸੋਨੇ ਦੀ ਮਹੱਤਤਾ ਤਦ ਜਾਣੀਦੀ ਹੈ ਜਦ ਪਰਖ ਕੇ ਦੱਸਣ ਵਾਲੇ ਦੇ ਅੱਗੇ ਰੱਖੀਏ।

ਜੈਸੇ ਕਊਆ ਕੋਕਿਲਾ ਹੈ ਦੋਨੋ ਖਗ ਸ੍ਯਾਮ ਤਨ ਬੂਝੀਐ ਅਸੁਭ ਸੁਭ ਸਬਦ ਸੁ ਭਾਖੀਐ ।

ਜਿਵੇਂ ਕਾਂ ਤੇ ਕੋਇਲ ਦੋਵੇਂ ਪੰਛੀ ਕਾਲੇ ਸਰੀਰ ਵਾਲੇ ਹਨ, ਪਰ ਜਦ ਬੋਲਦੇ ਹਨ ਤਾਂ ਜਾਣ ਲਈਦਾ ਹੈ ਕਿ ਕਿਹੜਾ ਸ਼ੁਭ ਹੈ ਤੇ ਕਿਹੜਾ ਅਸ਼ੁਭ ਹੈ।

ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ ਕਰਨੀ ਕਰਤੂਤ ਲਗ ਲਛਨ ਕੈ ਲਾਖੀਐ ।੫੯੬।

ਤਿਵੇਂ ਸਾਧੂ ਤੇ ਅਸਾਧੂ ਚਿੰਨ੍ਹਾਂ ਕਰ ਕੇ ਤਾਂ ਇਕੋ ਜਿਹੇ ਹੁੰਦੇ ਹਨ ਪਰ ਕਰਨੀ ਕਰਤੂਤ ਵਾਲੇ ਲੱਛਨਾਂ ਤੋਂ ਜਾਣ ਲਈਦਾ ਹੈ ਕਿ ਸਾਧ ਕੋਣ ਤੇ ਅਸਾਧ ਕੌਣ ਹੈ ॥੫੯੬॥