ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 292


ਜੈਸੇ ਜਲ ਜਲਜ ਅਉ ਜਲ ਦੁਧ ਸੀਲ ਮੀਨ ਚਕਈ ਕਮਲ ਦਿਨਕਰਿ ਪ੍ਰਤਿ ਪ੍ਰੀਤ ਹੈ ।

ਜਿਸ ਤਰ੍ਹਾਂ ਜਲ ਨਾਲ ਜਲਜ ਕੌਲ ਫੁਲ ਦੀ, ਅਤੇ ਜਲ ਦੁਧ ਦੀ ਤਥਾ ਮੀਨ ਮੱਛਲੀ ਦੀ ਸੀਲ ਜਲ ਪ੍ਰਵਾਹ ਨਾਲ ਪ੍ਰੀਤਿ ਹੁੰਦੀ ਹੈ। ਅਰੁ ਚਕਵੀ ਦੀ ਤਥਾ ਕੌਲ ਫੁਲ ਦੀ ਦਿਨਕਰ ਸੂਰਜ ਨਾਲ ਪ੍ਰੀਤਿ ਹੁੰਦੀ ਹੈ,

ਦੀਪਕ ਪਤੰਗ ਅਲਿ ਕਮਲ ਚਕੋਰ ਸਸਿ ਮ੍ਰਿਗ ਨਾਦ ਬਾਦ ਘਨ ਚਾਤ੍ਰਿਕ ਸੁ ਚੀਤ ਹੈ ।

ਐਸਾ ਹੀ ਜਿਸ ਭਾਂਤ ਪਤੰਗ ਫੰਬਟ ਦਾ ਦੀਵੇ ਦੀ ਲਾਟ ਵਿੱਚ ਭੌਰੇ ਦਾ ਕਮਲ ਵਿਚ, ਤੇ ਚਕੋਰ ਦਾ ਚੰਦ੍ਰਮੇ ਵਿਚ ਚਿੱਤ ਹੁੰਦਾ ਹੈ, ਅਰੁ ਮਿਰਗ ਹਿਰਣ ਦੇ ਚਿੱਤ ਅੰਦਰ ਨਾਦ ਘੰਟੇ ਹੇੜੇ ਦੀ ਧੁਨੀ ਵੱਸੀ ਹੁੰਦੀ ਹੈ ਅਤੇ ਚਾਤ੍ਰਿਕ ਪਪੀਹੇ ਦੇ ਚਿੱਤ ਵਿਚ ਮੇਘ ਵਸਿਆ ਰਹਿੰਦਾ ਹੈ।

ਨਾਰਿ ਅਉ ਭਤਾਰੁ ਸੁਤ ਮਾਤ ਜਲ ਤ੍ਰਿਖਾਵੰਤ ਖੁਧਿਆਰਥੀ ਭੋਜਨ ਦਾਰਿਦ੍ਰ ਧਨ ਮੀਤ ਹੈ ।

ਅਰੁ ਇਸੇ ਤਰ੍ਹਾਂ ਜੀਕੂੰ ਇਸਤ੍ਰੀ ਅਤੇ ਭਰਤਾ ਆਪੋ ਵਿਚ ਮੀਤ ਦਰਦੀ ਪਿਆਰੇ ਹੁੰਦੇ ਵਾ ਇਸਤ੍ਰੀ ਭਰਤੇ ਨੂੰ ਅਪਣਾ ਦਰਦੀ ਮੰਨਦੀ ਹੈ, ਤੇ ਪੁੱਤ ਮਾਂ ਨੂੰ, ਅਰ ਪਿਆਸਾ ਪਾਣੀ ਨੂੰ ਤਥਾ ਖੁਧਿਆਰਥੀ ਭੁੱਖਾ ਭੋਜਨ ਨੂੰ ਹਿਤਕਾਰੀ ਸਮਝਦੇ ਹਨ, ਅਤੇ ਦਲਿਦ੍ਰੀ ਕੰਗਲੇ ਦਾ ਮਿਤ੍ਰ ਧਨ ਹੁੰਦਾ ਹੈ ਇਨਾਂ ਤੋਂ ਛੁੱਟ ਏਨਾਂ ਨੂੰ ਹੋਰ ਕੋਈ ਨਹੀਂ ਰੁਚਦਾ।

ਮਾਇਆ ਮੋਹ ਦ੍ਰੋਹ ਦੁਖਦਾਈ ਨ ਸਹਾਈ ਹੋਤ ਗੁਰ ਸਿਖ ਸੰਧਿ ਮਿਲੇ ਤ੍ਰਿਗੁਨ ਅਤੀਤ ਹੈ ।੨੯੨।

ਤੀਕੂੰ ਹੀ ਮਾਇਆ ਦਾ ਮੋਹ ਦ੍ਰੋਹ ਛਲ ਰੂਪ ਹੈ, ਅਤੇ ਇਸੇ ਕਰ ਕੇ ਹੀ ਦੁਖਦਾਈ ਹੋਣ ਵਾਲਾ ਹੋਣ ਤੇ ਸਹਾਈ ਨਹੀਂ ਹੋਇਆ ਕਰਦਾ, ਏਸ ਵਾਸਤੇ ਗੁਰ ਸਿੱਖ ਸੰਧੀ ਵਾਲੇ ਮੇਲੇ ਵਿਚ ਮਿਲੇ, ਜੋ ਮਾਯਾ ਦਿਆਂ ਤਿੰਨਾਂ ਗੁਣਾਂ ਤੋਂ ਪਾਰ ਹੈ। ਅਥਵਾ ਸਿੱਖ ਨੂੰ ਗੁਰੂ ਨਾਲ ਜੋੜ ਜੁੜਦੇ ਸਾਰ ਐਸਾ ਮੇਲਾ ਤਿੰਨਾਂ ਗੁਣਾਂ ਦਿਆਂ ਬੰਧਨਾਂ ਤੋਂ ਅਤੀਤ ਕਰਣ ਹਾਰਾ ਛੁਡਾਣ ਹਾਰਾ ਹੈ ॥੨੯੨॥


Flag Counter