ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 15


ਗੁਰਮੁਖਿ ਸੁਖਫਲ ਸ੍ਵਾਦ ਬਿਸਮਾਦ ਅਤਿ ਅਕਥ ਕਥਾ ਬਿਨੋਦ ਕਹਤ ਨ ਆਵਈ ।

ਗੁਰਮੁਖ ਨੂੰ ਅਪਨਾ ਮੁਖ ਧਿਆਨ ਰੁਖ ਸਤਿਗੁਰਾਂ ਵੱਲ ਕਰਦਿਆਂ ਭਾਵ ਗੁਰਮੁਖਤਾ ਧਾਰਿਆਂ ਜੋ ਫਲ ਰੂਪ, ਸੁਖ ਆਨੰਦ ਪ੍ਰਾਪਤ ਹੁੰਦਾ ਹੈ, ਓਸ ਦਾ ਸ੍ਵਾਦ ਰਸ ਅਨਭਉ ਅਤ੍ਯੰਤ ਵਿਚਿਤ੍ਰਕਾਰੀ ਭੌਚਕ ਵਿਚ ਪਾਣ ਹਾਰਾ ਹੈ। ਜਿਹੜੇ ਬਿਨੋਦ ਕੌਤਕ ਕਰਤਾਰੀ ਕੁਦਰਤ ਦੇ ਓਸ ਦੀ ਦ੍ਰਿਸ਼ਟੀ ਗੋਚਰ ਹੁੰਦੇ ਹਨ ਉਹ ਅਕਥ ਕਥਾ ਰੂਪ ਹਨ - ਓਨਾਂ ਦੀ ਕਥਾ ਜੇ ਕੋਈ ਕਥਨ ਕਹਨਿ ਕਾ ਜਤਨ ਕਰੇ ਭੀ, ਤਾਂ ਕਹਿਨ ਵਿਚ ਨਹੀਂ ਆ ਸਕਦੀ, ਭਾਵ ਬਾਣੀ ਤੋਂ ਅਗੰਮ ਹੈ।

ਗੁਰਮਖਿ ਸੁਖਫਲ ਗੰਧ ਪਰਮਦਭੁਤ ਸੀਤਲ ਕੋਮਲ ਪਰਸਤ ਬਨਿ ਆਵਈ ।

ਗੁਰਮੁਖ ਨੂੰ ਗੁਰਸਿੱਖੀ ਧਾਰਦੇ ਸਾਰ ਜਿਸ ਸੁਖਫਲ ਦੀ ਪ੍ਰਾਪਤੀ ਹੁੰਦੀ ਹੈ। ਓਸ ਦੀ ਗੰਧ ਸੁਗੰਧੀ = ਪ੍ਰਫੁਲਤਤਾ ਅਰਥਾਤ ਅੰਗ ਅੰਗ ਵਿਖੇ ਖੇੜੇ ਦਾ ਖਿੜਨਾ ਰੋਮ ਹਰਖ ਆਦਿ ਹੋਣਾ ਪਰਮ ਅਦਭੁਤ = ਅਤਿਸੈਂ ਕਰ ਕੇ ਚਮਤਕਾਰੀ ਅਨੋਖਾ ਹੈ, ਐਸਾ ਸੀਤਲ ਤੇ ਕੋਮਲ ਕਿ ਪਰਸਨ ਮਾਤ੍ਰ ਤੇ ਹੀ ਅਰਥਾਤ ਅਨਭਉ ਕੀਤਿਆਂ ਹੀ ਓਸ ਦਾ ਸਮਝਣਾ ਬਣ ਆ ਸਕਦਾ ਫੱਬਦਾ ਹੈ।

ਗੁਰਮੁਖਿ ਸੁਖਫਲ ਮਹਿਮਾ ਅਗਾਧਿ ਬੋਧ ਗੁਰ ਸਿਖ ਸੰਧ ਮਿਲਿ ਅਲਖ ਲਖਾਵਈ ।

ਗੁਰਮੁਖ ਨੂੰ ਗੁਰਮੁਖੀ ਭਾਵ ਧਾਰਦੇ ਸਾਰ ਹੀ ਜਿਸ ਸੁਖਫਲ ਦੀ ਪ੍ਰਾਪਤੀ ਹੁੰਦੀ ਹੈ, ਓਸ ਦੀ ਮਹਿਮਾ ਗੌਰਵਤਾ = ਕਦਰ = ਬਜ਼ੁਰਗੀ ਦਾ ਬੋਧ ਬੁਝਨਾ ਅਗਾਧ ਗਾਹਿਆ ਨਹੀਂ ਜਾ ਸਕਦਾ ਹੈ, ਹਾਂ ਗੁਰੂ ਤੇ ਸਿੱਖ ਦੀ ਸੰਧੀ ਜੋੜ ਜਦ ਮਿਲ ਪੈਂਦਾ ਹੈ ਜਦੋਂ ਗੁਰੂ ਅਰੁ ਸਿੱਖ ਦੇ ਮਨ ਮੇਲੇ ਦਾ ਆਪੋ ਵਿਚ ਪਰਚਾ ਪੈ ਜਾਂਦਾ ਹੈ ਤਾਂ ਇਹ ਨਾ ਲਖੇ ਜਾਣ ਵਾਲਾ ਅਲਖ ਪਦ, ਲਖਤਾ ਸ੍ਯਾਨ ਵਿਚ ਆ ਜਾਇਆ ਕਰਦਾ ਹੈ।

ਗੁਰਮੁਖਿ ਸੁਖਫਲ ਅੰਗਿ ਅੰਗਿ ਕੋਟ ਸੋਭਾ ਮਾਇਆ ਕੈ ਦਿਖਾਵੈ ਸੋ ਤੋ ਅਨਤ ਨ ਧਾਵਈ ।੧੫।

ਗੁਰਮੁਖ ਗੁਰਮੁਖ ਬਣਿਆਂ ਭਾਵ ਗੁਰੂ ਮਹਾਰਾਜ ਨੂੰ ਹੀ ਮੁਖ੍ਯਦੇਵ ਪਰਮ ਇਸ਼ਟ ਸਰੂਪ ਸਮਝਨ ਦੇ ਭਾਵ ਵਿਚ ਆਉਣ ਮਾਤ੍ਰ ਤੇ ਹੀ ਜਿਹੜੇ ਸੁਖਫਲ ਦਾ ਲਾਭ ਹੁੰਦਾ ਹੈ, ਓਸ ਕਰ ਕੇ ਗੁਰਮੁਖ ਗੁਰਸਿੱਖ ਦੇ ਅੰਗ ਅੰਗ ਰੋਮ ਰੋਮ ਵਿਖੇ ਕ੍ਰੋੜ ਗੁਣਾਂ ਸ਼ੋਭਾ ਤੇਜ ਦਮਕ ਉਠਦੀ ਹੈ। ਪਰ ਹਾਰੀ ਸਾਰੀ ਇਸ ਪ੍ਰਭਾਵ ਨੂੰ ਨਹੀਂ ਦੇਖ ਸਕਦਾ। ਕੇਵਲ ਵੇਖ ਸਕਦਾ ਹੈ ਉਹ ਜਿਸ ਨੂੰ ਮਇਆ ਕਿਰਪਾ ਕਰ ਕੇ ਸਤਿਗੁਰੂ ਦਿਖਲਾਵਨ ਅਨਭਉ ਕਰਾਨ ਮਾਯਾ ਪਾਠਾਂਤਰ ਹੋਣ ਤੇ ਅਰਥ ਇਉਂ ਹਨ: ਜਿਸ ਨੂੰ ਚਮਤਕਾਰ ਮਾਤ੍ਰ ਤੇ ਗੁਰੂ ਮਹਾਰਾਜ ਦਿਖਾਨ ਨਿਸ਼ਾਨੀ ਓਸ ਦੀ ਇਹ ਹੁੰਦੀ ਹੈ ਕਿ ਓਹ ਸਿੱਖ ਅਨਤ ਹੋਰ ਦਿਰੇ ਕਿਤੇ ਹੋਰ ਕਿਸੇ ਦਵਾਰੇ ਯਾ ਮਾਯਕੀ ਪਦਾਰਥਾਂ ਪਿਛੇ ਕਦਾਚਿਤ ਨਹੀਂ ਧਾਂਵਦਾ ਦੌੜਦਾ = ਭਟਕਦਾ ॥੧੫॥


Flag Counter