ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 6


ਸੋਰਠਾ ।

ਪਿਤਾ ਗੁਰੂ ਤੋਂ ਗੁਰੂ ਪੁਤ੍ਰ ਪ੍ਰਗਟਿਆ:

ਆਦਿ ਅੰਤਿ ਬਿਸਮਾਦ ਫਲ ਦ੍ਰੁਮ ਗੁਰ ਸਿਖ ਸੰਧ ਗਤਿ ।

ਆਦਿ = ਗੁਰੂ ਮਹਾਰਾਜ ਜੀ ਸ੍ਰੀ ਅਮਰ ਦੇਵ ਸਹਿਬ ਦੀਆਂ ਚਰਣ ਕਮਲਾਂ ਵਿਚ ਆਉਣ ਤੋਂ ਪਹਿਲਾਂ ਅਥਵਾ ਅਵਤਾਰ ਲੈਣ ਤੋਂ ਪ੍ਰਥਮ ਭੀ, ਜੋ ਬਿਸਮਾਦ ਅਸਚਰਜ ਸਰੂਪ ਸਨ, ਅਤੇ ਬਿਸਮਾਦ ਰੂਪ ਹੀ ਸ੍ਰੀ ਗੁਰੂ ਮਹਾਰਾਜ ਜੀ ਦੇ ਪਾਰ ਬਿੰਦ ਵਿਖੇ ਪ੍ਰਾਪਤ ਹੋਣ ਅਨੰਤਰ ਅਥਵਾ ਮਾਨੁਖੀ ਨਰ ਨਾਟ ਸਮਾਪਤ ਕਰ ਕੇ ਦੂਸਰੇ ਸਰੂਪ ਵਿਚ ਜੋਤ ਜਗਾਵਨ ਦੇ ਸਮਯ ਅੰਤ ਨੂੰ ਭੀ ਸਨ, ਐਸੇ ਸ੍ਰੀ ਗੁਰੂ ਰਾਮ ਦਾਸ ਜੀ ਨੇ ਫਲ ਅਰੁ ਬਿਰਛ ਵਾਲੀ ਦਸ਼ਾ ਚਾਲ ਅਨੁਸਾਰ ਗੁਰ ਸਿਖ ਸੰਧੀ ਗੁਰੂ ਅਰੁ ਸਿਖ ਦੇ ਮੇਲੇ ਮਿਲਨ, ਦੀ ਮਿਰਯਾਦਾ ਭੀ ਬਿਸਮਾਦ ਰੂਪ ਹੀ ਵਰਤਾਈ।

ਆਦਿ ਪਰਮ ਪਰਮਾਦਿ ਅੰਤ ਅਨੰਤ ਨ ਜਾਨੀਐ ।੧।੬।

ਆਦਿ ਪਰਮ = ਜਿਨਾਂ ਤੋਂ ਪਰੇ ਆਦੌ ਰੂਪ ਕੋਈ ਨਹੀਂ ਅਰਥਾਤ ਸਭ ਦੀ ਆਦਿ ਦੇ ਜੋ ਆਦਿ ਹਨ, ਤੇ ਆਦਿ ਅੰਤ ਤੋਂ ਪਰੇ ਹਨ ਨਹੀਂ ਜਾਣਿਆ ਜਾ ਸਕਦਾ ਓਨਾਂ ਦਾ ਮਰਮ ਵਿਸ਼ੇਸ਼ ਤਰ੍ਹਾਂ ਨਾਲ ਕਿਉਂਕਿ ਉਹ ਅਨੰਤ ਰੂਪ ਹਨ = ਦੇਸ਼ ਕਾਲ ਵਸਤੂ ਪਰਿਛੇਦ ਤੋਂ ਪਰੇ ॥੧੬॥

ਦੋਹਰਾ ।

ਇਹ ਅਪੂਰਬ ਚਾਲ ਗੁਰੂ ਰਾਮਦਾਸ ਜੀ ਤੋਰੀ

ਫਲ ਦ੍ਰੁਮ ਗੁਰਸਿਖ ਸੰਧ ਗਤਿ ਆਦਿ ਅੰਤ ਬਿਸਮਾਦਿ ।

ਫਲੁ ਅਰੁ ਬਿਰਛ ਦੇ ਚਕ੍ਰਾਕਾਰ ਚਾਲੇ ਵਤ ਜਿਨ੍ਹਾਂ ਨੇ, ਗੁਰੂ ਸਿਖ ਮਿਲਾਪ ਦੀ ਰੀਤੀ ਨੂੰ ਆਦਿ ਅੰਤ ਵਿਖੇ ਹੀ, ਬਿਸਮਾਦ ਰੂਪ ਵਰਤਾਇਆ।

ਅੰਤ ਅਨੰਤ ਨ ਜਾਨੀਐ ਆਦ ਪਰਮ ਪਰਮਾਦਿ ।੨।੬।

ਓਨਾਂ ਅਨੰਤ ਰੂਪ ਸ੍ਰੀ ਗੁਰੂ ਰਾਮਦਾਸ ਜੀ ਦਾ ਅੰਤ ਓੜਕ ਨਹੀਂ ਜਾਣਿਆਂ ਜਾ ਸਕਦਾ, ਉਹ ਬਿਸਮਾਦ ਰੂਪ ਸਭ ਦੀ ਪਰਾ ਕਾਸ਼ਟਾ ਪਰਮ ਹੱਦ ਆਦਿ ਹਨ। ਭਾਵ ਓਨਾਂ ਦੀ ਆਦਿ ਕੋਈ ਨਹੀਂ ॥੧੭॥

ਛੰਦ ।

ਸ੍ਰੀ ਗੁਰੂ ਅਰਜਨਦੇਵ ਕਿਸ ਪਕਾਰ ਗੁਰੂ ਬਣੇ:

ਆਦਿ ਪਰਮ ਪਰਮਾਦਿ ਨਾਦ ਮਿਲਿ ਨਾਦ ਸਬਦ ਧੁਨਿ ।

ਸਮੂਹ ਜੜ ਜੰਗਮ ਰੂਪ ਵਾਨ ਸ੍ਰਿਸ਼ਟੀ ਰਚਨਾ ਵਿਖੇ ਪਰਮ ਉਤਕ੍ਰਿਸ਼ਟ ਰੂਪ ਭਾਵ ਸਭ ਤੋਂ ਉਤਮ ਸਭ ਦਾ ਪ੍ਰਥਮ ਭਾਵੀ ਆਦਿ ਜੋ ਜੀਵਾਤਮਾ ਹੈ, ਸੋ ਪਰਮਾਦਿ ਸੰਪੂਰਣ ਆਦਾਂ ਦੇ ਆਦਿ = ਪਰਮ ਬ੍ਰਹਮ ਪਰਮਾਤਮਾ ਵਿਖੇ ਸਮਾਇ ਅਭੇਦ ਹੋ ਉਹੀ ਸਰੂਪ ਬਣ ਜਾਂਦਾ ਹੈ; ਜਿਸ ਪ੍ਰਕਾਰਨਾਦ ਮਿਲ ਕੇ ਨਾਦ ਵਿਖੇ ਜਿਸ ਪ੍ਰਕਾਰ ਸ਼ਬਦ ਦੀ ਧੁਨੀ ਰੂਪ ਹੋ ਜਾਇਆ ਕਰਦਾ ਹੈ,

ਸਲਿਲਹਿ ਸਲਿਲ ਸਮਾਇ ਨਾਦ ਸਰਤਾ ਸਾਗਰ ਸੁਨਿ ।

ਨਦੀ ਦਾ ਪਾਣੀ ਨਾਦ ਗਰਜਨਾ ਕਰਦਾ ਹੋਇਆ ਸਮੁੰਦ੍ਰ ਦੇ ਨਿਸ ਤਰੰਗ ਜਲ ਵਿਖੇ ਸਮਾ ਅਭੇਦ ਹੋ ਕੇ ਸ਼ਾਂਤ ਰੂਪ ਹੋ ਜਾਇਆ ਕਰਦਾ ਹੈ,

ਨਰਪਤਿ ਸੁਤ ਨ੍ਰਿਪ ਹੋਤ ਜੋਤਿ ਗੁਰਮੁਖਿ ਗੁਨ ਗੁਰ ਜਨ ।

ਰਾਜੇ ਦੇ ਪੁਤ੍ਰ ਦੇ ਰਾਜਾ ਹੋਣ ਵਤ ਗੁਰਮੁਖ ਗੁਰੂ ਕਾ ਸਿਖ ਗੁਣਾਨੁਵਾਦ ਗਾਯਨ ਕਰਤਾ ਨਾਮ ਜਪਦਾ ਹੋਇਆ ਜੋਤ ਰੂਪ ਹੀ ਹੋ ਜਾਇਆ ਕਰਦਾ ਹੈ,

ਰਾਮ ਨਾਮ ਪਰਸਾਦਿ ਭਏ ਗੁਰ ਤੇ ਗੁਰੁ ਅਰਜਨ ।੩।੬।

ਇਸੀ ਪ੍ਰਕਾਰ ਰਾਮ ਹੈ ਨਾਮ ਜਿਨਾਂ ਦਾ, ਐਸੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਕਿਪਾ ਕਰ ਕੇ ਸ੍ਰੀ ਅਰਜਨ ਦੇਵ ਜੀ ਗੁਰੂ ਬਣ ਗਏ ॥੧੮॥