ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 224


ਬਾਇ ਹੁਇ ਬਘੂਲਾ ਬਾਇ ਮੰਡਲ ਫਿਰੈ ਤਉ ਕਹਾ ਬਾਸਨਾ ਕੀ ਆਗਿ ਜਾਗਿ ਜੁਗਤਿ ਨ ਜਾਨੀਐ ।

ਪਵਣ ਅਹਾਰੀ ਹੋ ਕੇ ਪੌਣ ਦੇ ਆਧਾਰ ਵਾ ਵਰੋਲੇ ਵਾਕੂੰ ਵਾਯੂ ਮੰਡਲ ਵਿਚ ਜੇ ਸਦਾ ਗੇੜਾ ਲੌਂਦਾ ਰਹੇ ਤਾਂ ਕੀਹ ਬਣ ਜਾਊ, ਜਦਕਿ ਸੁਖਾਂ ਦੀ ਪ੍ਰਾਪਤੀ ਦੀ ਬਾਸਨਾ ਇੱਛਿਆ ਦੀ ਅੱਗ ਅੰਦਰ ਜਾਗ ਬਲ ਰਹੀ ਹੋਵੇ! ਵਾ ਜਦ ਤਕ ਜਾਗਿ ਜਾਗਨ ਦੀ ਜੁਗਤੀ ਅਵਿਦ੍ਯਾ ਦੀ ਨੀਂਦੋਂ ਜਾਗਨ ਭਰਮ ਮਿਟਾਨ ਦੀ ਜੁਗਤੀ ਢੰਗ ਜਾਨਣ ਵਿਚ ਨਹੀਂ ਆਵੇ, ਸਚਾ ਸੁਖ ਕਦੀ ਨਹੀਂ ਪ੍ਰਾਪਤ ਹੋਣਾ।

ਕੂਪ ਜਲੁ ਗਰੋ ਬਾਧੇ ਨਿਕਸੈ ਨ ਹੁਇ ਸਮੁੰਦ੍ਰ ਚੀਲ ਹੁਇ ਉਡੈ ਨ ਖਗਪਤਿ ਉਨਮਾਨੀਐ ।

ਜੇਕਰ ਬੰਨ੍ਹ ਕੇ ਅੰਗਾਂ ਨੂੰ ਖੂਹ ਦੇ ਜਲ ਵਿਚ ਲਟਕ ਗਲੇ, ਵ ਐਸਾ ਕਠਿਨ ਤਪ ਤਪੇ ਤਾਂ ਐਡਾ ਜਫਰ ਜਾਲ ਕੇ ਭੀ ਬਾਹਰ ਨਿਕਲਿਆਂ ਕੋਈ ਰਤਨ ਆਦਿ ਸਮੂਹ ਨਿਧੀਆਂ ਦਾ ਮਾਲਕ ਸਮੁੰਦਰ ਰੂਪ ਤਾਂ ਨਹੀਂ ਬਣ ਜਾਵੇਗਾ, ਭਾਵ ਅਪਾਰ ਸੁਖ ਦੀ ਪ੍ਰਾਪਤੀ ਕੋਈ ਨਹੀਂ ਹੋ ਜਾਂਦੀ। ਅਰੁ ਜੇ ਚੀਲ ਵਾਕੂੰ ਅਕਾਸ਼ਚਾਰੀ ਭੀ ਬਣ ਉਡਾਰੀਆਂ ਲਾਣ ਲਗ ਪਵੇ, ਤਾਂ ਸਮਝ ਲਵੋ ਕਿ ਮੈਲੀਆਂ ਵਾਸਨਾਂ ਕਾਰਣ ਵਿਖ੍ਯ ਸੁਖਾਂ ਦਾ ਚਾਹਵੰਦ, ਚੀਲ ਰੂਪ ਹੁੰਦਾ ਹੋਯਾ ਗਰੁੜ ਸਮਾਨ ਵੈਸ਼ਨਵੀ ਵਿਭੂਤੀ ਦਾ ਆਧਾਰ ਤਾਂ ਨਹੀਂ ਹੀ ਬਣ ਸਕਨਾ।

ਮੂਸਾ ਬਿਲ ਖੋਦ ਨ ਜੋਗੀਸੁਰ ਗੁਫਾ ਕਹਾਵੈ ਸਰਪ ਹੁਇ ਚਿਰੰਜੀਵ ਬਿਖੁ ਨ ਬਿਲਾਨੀਐ ।

ਅਰੁ ਇਸੇ ਭਾਂਤ ਚੂਹੇ ਵਾਕੂੰ ਖੁੱਡ ਪੁੱਟ ਕੇ ਜੇ ਗੁਫਾ ਬਾਸੀ ਕਹਾਨ ਲਗ ਜਾਵੇ ਤਾਂ ਇਤਨੇ ਮਾਤ੍ਰ ਨਾਲ ਕੋਈ ਈਸ਼੍ਵਰ ਵਿਚ ਜੁੜਿਆ ਜੋਗੀ ਨਹੀਂ ਬਣ ਸਕੂ ਭਾਵ ਸਰਬ ਸਮਰੱਥਾਵਾਨ ਨਹੀਂ ਬਣ ਸਕੀਦਾ। ਤਥਾ ਚਿਰ ਜੀਵਿਤਾ ਦੇ ਸਾਧਨ ਸਾਧ ਕੇ ਸੱਪ ਵਾਕੂੰ ਚਿਰੰਜੀਵੀ ਭੀ ਬਣ ਬੈਠੀਏ, ਤਾਂ ਓਸ ਵਾਕੂੰ ਅੰਦਰਲੀ ਵਿਹੁ ਵਿਖ੍ਯਾਂ ਦੀ ਬਾਸਨਾ ਤਾਂ ਕਿਸੇ ਪ੍ਰਕਾਰ ਦੂਰ ਨਹੀਂ ਹੋ ਸਕਨੀ।

ਗੁਰਮੁਖਿ ਤ੍ਰਿਗੁਨ ਅਤੀਤ ਚੀਤ ਹੁਇ ਅਤੀਤ ਹਉਮੈ ਖੋਇ ਹੋਇ ਰੇਨ ਕਾਮਧੇਨ ਮਾਨੀਐ ।੨੨੪।

ਅਲਬੱਤਾ ਜੇਕਰ ਗੁਰਮੁਖ ਜਾਵੇ ਬਣ ਗੁਰ ਦੀਖ੍ਯਾ ਧਾਰੀ ਤੇ ਰਜੋ ਸਤੋ ਤਮੋ ਰੂਪ ਤਿੰਨਾਂ ਗੁਣਾਂ ਦੇ ਵੇਗ ਤੋਂ ਜਾਵੇ ਹੋ ਅਤੀਤ, ਜਿਸ ਦਾ ਚਿੱਤ ਭੀ ਚਾਹਨਾ ਆਦਿ ਵੱਲੋਂ ਹੋ ਜਾਂਦਾ ਹੈ ਅਤੀਤ ਉਪ੍ਰਾਮ, ਐਸਾ ਗੁਰਮੁਖ ਹੀ ਹਉਮੈ ਆਪੇ ਦਾ ਮਾਨ ਗੁਵਾ ਕੇ ਗੁਰੂ ਅਰੁ ਗੁਰ ਸਿੱਖਾਂ ਦੇ ਚਰਣਾਂ ਦੀ ਧੂਲੀ ਸਮਾਨ ਗ੍ਰੀਬੀ ਧਾਰ ਕੇ ਸਮੂਹ ਕਾਮਨਾਂ ਦੇ ਧਾਰਣ ਵਾਲਾ ਕਾਮਧੇਨੁ ਸਰੂਪ ਹੋ ਗਿਆ ਮੰਨੀਦਾ ਹੈ। ਭਾਵ ਓਸੇ ਦਆਂ ਹੀ ਮੁਰਾਦਾਂ ਆਪਣੀਆਂ ਪੂਰੀਆਂ ਹੋਯਾ ਕਰਦਆਂ ਹਨ, ਤੇ ਓਹੀ ਹੋਰਨਾਂ ਨੂੰ ਭੀ ਮੁਰਾਦਵੰਦ ਬਣਾ ਸਕਦਾ ਹੈ, ਨਿਸਚੇ ਕਰ ਕੇ ॥੨੨੪॥