ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 300


ਸੰਗਮ ਸੰਜੋਗ ਪ੍ਰੇਮ ਨੇਮ ਕਉ ਪਤੰਗੁ ਜਾਨੈ ਬਿਰਹ ਬਿਓਗ ਸੋਗ ਮੀਨ ਭਲ ਜਾਨਈ ।

ਸੰਗਮ ਪਿਆਰੇ ਦੇ ਮਿਲਾਪ ਸੰਜੋਗ ਵਰਤਦਿਆਂ, ਭਾਵ ਮਿਲਾਪ ਦਾ ਅਉਸਰ ਪ੍ਰਾਪਤ ਹੋਇਆਂ ਪ੍ਰੇਮ ਦੇ ਮੰਡਲ ਦਾ ਨੇਮ ਕੀਹ ਹੈ ਪ੍ਰੀਤਮ ਤੋਂ ਵਾਰਨੇ ਹੁੰਦੇ ਸੜ ਕੇ ਸੁਆਹ ਹੋ ਜਾਣਾ ਇਸ ਨੂੰ ਪਤੰਗਾ ਫੰਬਟ ਹੀ ਠੀਕ ਠੀਕ ਜਾਣਦਾ ਹੈ। ਤੇ ਬਿਓਗ ਪਿਆਰੇ ਤੋਂ ਵਿਛੁੜਕੇ ਬਿਰਹ ਵਿਛੋੜੇ ਵਾਲੀ ਪ੍ਰੇਮ ਦੀ ਅਵਸਥਾ ਤੋਂ ਸੋਗ = ਅਫਸੋਸ ਝੋਰਾ ਕੇਹੋ ਜੇਹਾ ਹੁੰਦਾ ਹੈ ਲੁੱਛ ਲੁੱਛ ਤੜਫ ਤੜਫ ਜਾਨ ਵੰਞਾ ਸਿਟਨੀ ਇਸ ਨੂੰ ਮੱਛੀ ਹੀ ਹੱਛੀ ਤਰਾਂ ਜਾਣਦੀ ਹੈ।

ਇਕ ਟਕ ਦੀਪਕ ਧਿਆਨ ਪ੍ਰਾਨ ਪਰਹਰੈ ਸਲਿਲ ਬਿਓਗ ਮੀਨ ਜੀਵਨ ਨ ਮਾਨਈ ।

ਕ੍ਯੋਂਕਿ ਫੰਬਟ, ਦੀਵੇ ਦੇ ਇਕ ਟਕ ਧਿਆਨ ਵਿਖੇ ਪ੍ਰਾਣਾਂ ਨੂੰ ਤਿਆਗ ਦਿੰਦਾ ਹੈ, ਤੇ ਮੱਛਲੀ ਸਲਿਲ ਪਾਣੀ ਦੇ ਵਿਛੋੜੇ ਵਿਚ ਜੀਊਣ ਨੂੰ ਕੁਛ ਚੀਜ ਹੀ ਨਹੀਂ ਮੰਨਿਆ ਕਰਦੀ।

ਚਰਨ ਕਮਲ ਮਿਲਿ ਬਿਛੁਰੈ ਮਧੁਪ ਮਨੁ ਕਪਟ ਸਨੇਹ ਧ੍ਰਿਗੁ ਜਨਮੁ ਅਗਿਆਨਈ ।

ਇਥੋਂ ਤਕ ਤਾਂ ਦਸ਼ਾ ਪ੍ਰੇਮ ਵਿਚ ਹੋਵੇ ਤੁੱਛ ਜੀਵਾਂ ਜੰਤੂਆਂ ਦੀ, ਪਰ ਸ਼ਰਮ ਹੈ ਓਸ ਮਨੁੱਖ ਲਈ ਕਿ ਜਿਹੜਾ ਮਨ ਨੂੰ ਮਧੁਪ ਭੌਰਾ ਬਣਾ ਕੇ ਤੇ ਚਰਣ ਕਮਲਾਂ ਦੇ ਮਿਲਾਪ ਨੂੰ ਪ੍ਰਾਪਤ ਹਕੇ ਭਾਵ ਸਤਿਗੁਰਾਂ ਦੇ ਚਰਣ ਸਰਣ ਪ੍ਰਾਪਤ ਹੋ ਤੇ ਪ੍ਰੇਮੀ ਬਣ ਕੇ ਭੀ ਫੇਰ ਬਿਛੁਰੈ ਵਿਛੁੜ ਜਾਵੇ ਬੇਮੁਖਤਾ ਧਾਰ ਲਵੇ, ਓਸ ਅਗਿਆਨੀ ਦਾ ਜਨਮ ਧ੍ਰਿਗੁ ਬਾਰ ਬਾਰ ਫਿਟਕਾਰਨ ਜੋਗ ਹੈ, ਕ੍ਯੋਂਜੁ ਓਸ ਦਾ ਸਨੇਹ ਪ੍ਰੇਮ ਕੇਵਲ ਕਪਟ ਛਲ ਮਾਤ੍ਰ ਹੀ ਸੀ।

ਨਿਹਫਲ ਜੀਵਨ ਮਰਨ ਗੁਰ ਬਿਮੁਖ ਹੁਇ ਪ੍ਰੇਮ ਅਰੁ ਬਿਰਹ ਨ ਦੋਊ ਉਰ ਆਨਈ ।੩੦੦।

ਐਹੋ ਜਿਹਾਂ ਗੁਰੂ ਤੋਂ ਬੇਮੁਖ ਹੋਇਆਂ ਪੁਰਖਾਂ ਦਾ ਜੀਊਨਾ ਮਰਣਾ ਦੋਵੇਂ ਹੀ ਅਫਲ ਹਨ, ਜਿਨ੍ਹਾਂ ਨੇ ਆਪਣੇ ਅੰਦਰ ਪ੍ਰੇਮ ਅਤੇ ਵਿਛੋੜੇ ਦੋਹਾਂ ਵਿਚੋਂ ਹੀ ਕਿਸੇ ਭੀ ਅਵਸਥਾ ਨੂੰ ਨਹੀਂ ਆਨਈ ਲਿਆਂਦਾ ਯਾ ਪ੍ਰਗਟਾਇਆ ॥੩੦੦॥


Flag Counter